ਬੀਰਬਲ ਰਿਸ਼ੀ
ਸ਼ੇਰਪੁਰ, 18 ਮਈ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਅਹਿਮ ਖੁਲਾਸਾ ਕਰਦਿਆਂ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦੇ ਕੇ ਸਪਸ਼ੱਟ ਕੀਤਾ ਹੈ ਕਿ ਜੇ ਪੰਚਾਇਤ ਵਿਭਾਗ ਤੇ ਪੁਲੀਸ ਪ੍ਰਸ਼ਾਸਨ ਧਨਾਢ ਲੋਕਾਂ ਦੀ ਕਥਿਤ ਕਠਪੁਤਲੀ ਬਣ ਕੇ ਚੱਲੇਗਾ ਤਾਂ ਜ਼ੈੱਡਪੀਐਸਸੀ ਸ਼ੇਰਪੁਰ ’ਚ ਪੱਕਾ ਮੋਰਚਾ ਸ਼ੁਰੂ ਕਰੇਗੀ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਜਨਰਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਨੇ ਹੇੜੀਕੇ ’ਚ ਪੰਚਾਇਤ ਦੇ ਰਾਖਵੇਂ ਕੋਟੇ ਦੀ ਜ਼ਮੀਨ ਦੇ ਚੱਲ ਰਹੇ ਵਿਵਾਦ ਲਈ ਪਿੰਡ ਦੀ ਸਰਪੰਚ ਬੀਬੀ ਦੇ ਪਤੀ ਅਵਤਾਰ ਸਿੰਘ ’ਤੇ ਦੋਸ਼ ਲਾਇਆ ਕਿ ਉਸ ਵੱਲੋਂ ਰਾਖਵੇਂ ਕੋਟੇ ਵਾਲੀ ਜ਼ਮੀਨ ਵਿੱਚੋਂ ਆਪਣੇ ਖੇਤ ਨੂੰ ਕੱਢੇ ਗਏ ਕੱਚੇ ਰਸਤੇ ਦੇ ਬੰਦ ਹੋਣ ਦੇ ਡਰੋਂ ਐਸਸੀ ਭਾਈਚਾਰੇ ਦੇ ਲੋਕਾਂ ਨਾਲ ਕਥਿਤ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਪੰਚਾਇਤ ਵਿਭਾਗ ’ਤੇ ਬੋਲੀ ਨਾ ਕਰਵਾਉਣ ਅਤੇ ਇਸ ਮਾਮਲੇ ’ਚ ਸ਼ੇਰਪੁਰ ਪੁਲੀਸ ’ਤੇ ਵਿਤਕਰੇ ਦੇ ਦੋਸ਼ ਲਾਏ। ਇਸ ’ਤੇ ਐਸਐਚਓ ਸ਼ੇਰਪੁਰ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਕਿਸੇ ਨਾਲ ਕੋਈ ਵਿਤਕਰੇਬਾਜ਼ੀ ਨਹੀਂ ਹੋਵੇਗੀ ਅਤੇ ਹੇੜੀਕੇ ਮਾਮਲੇ ਨੂੰ ਨਜਿੱਠਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਗੰਭੀਰ ਹੈ।
ਪੰਚਾਇਤ ਵੱਲੋਂ ਪਿੰਡ ਵਿੱਚ ਇਕੱਤਰਤਾ
ਸਰਪੰਚ ਬੀਬੀ ਪਾਲਵਿੰਦਰ ਕੌਰ ਦੇ ਪਤੀ ਅਵਤਾਰ ਸਿੰਘ ਨੇ ਦੋਸ਼ਾਂ ਨੂੰ ਨਕਾਰਿਆ ਤੇ ਕਿਹਾ ਕਿ ਜੇਕਰ ਉਨ੍ਹਾਂ ਦਾ ਜ਼ਮੀਨ ’ਤੇ ਕਬਜ਼ਾ ਹੈ ਤਾਂ ਫਿਰ ਛੁਡਵਾ ਲਿਆ ਜਾਵੇ ਉਂਜ ਪੰਚਾਇਤੀ ਜ਼ਮੀਨ ਵਿਚੋਂ ਦੀ ਲੰਘਦੇ ਕੱਚੇ ਰਸਤੇ ’ਤੇ ਉਹ ਕਈ ਦਹਾਕਿਆਂ ਤੋਂ ਲੰਘਦੇ ਹਨ। ਪਿੰਡ ’ਚ ਲੋਕਾਂ ਨਾਲ ਮੀਟਿੰਗ ਮਗਰੋਂ ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਜ਼ੈੱਡਪੀਐਸਸੀ ਦੇ ਪਰਚੇ ’ਚ ਸ਼ਾਮਲ ਰਹਿੰਦੇ ਆਗੂਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਪੰਚਾਇਤ ਯੂਨੀਅਨ ਦੇ ਸਹਿਯੋਗ ਨਾਲ ਛੇਤੀ ਹੀ ਧਰਨਾ ਲਗਾਇਆ ਜਾਵੇਗਾ।