ਨਿਜੀ ਪੱਤਰ ਪ੍ਰੇਰਕ
ਸੰਗਰੂਰ, 17 ਜੁਲਾਈ
ਮੂਨਕ ਅਤੇ ਖਨੌਰੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਵੱਡੀ ਤਾਦਾਦ ’ਚ ਸੰਗਤ ਰਾਸ਼ਨ ਅਤੇ ਹੋਰ ਖਾਣ ਵਾਲੀਆਂ ਵਸਤਾਂ ਲੈ ਕੇ ਪੁੱਜ ਰਹੀ ਹੈ। ਸੰਗਤ ਨੇ ਪਾਣੀ ਦੇ ਨਾਲ ਨਾਲ ਹੜ੍ਹ ਦੇ ਪਾਣੀ ’ਚ ਘਿਰੇ ਲੋਕਾਂ ਲਈ ਰਸਦਾਂ ਦੇ ਵੀ ਹੜ੍ਹ ਲਿਆ ਦਿੱਤੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ-ਏ-ਖਾਲਸਾ ਅਤੇ ਸਿੱਖ-ਮੁਸਲਿਮ ਸਾਂਝ ਦੇ ਮੁਖੀ ਡਾ. ਨਸੀਰ ਅਖ਼ਤਰ ਨੇ ਪਾਣੀ ’ਚ ਘਿਰੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਕੀਤਾ ਜੋ ਕਿ ਹੜ੍ਹ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਤੇ ਹੋਰ ਸਾਮਾਨ ਲੈ ਕੇ ਪੁੱਜੇ ਸਨ।
ਉਨ੍ਹਾਂ ਕਿਹਾ ਕਿ ਘੱਗਰ ਦੀ ਮਾਰ ਨੇ ਜਿਥੇ ਵੱਡੀ ਪੱਧਰ ’ਤੇ ਫਸਲਾਂ ਦੀ ਬਰਬਾਦੀ ਅਤੇ ਘਰਾਂ ਦਾ ਵੀ ਨੁਕਸਾਨ ਕੀਤਾ ਹੈ। ਇਸ ਸੰਕਟ ਦੀ ਘੜੀ ਸਮੁੱਚੀ ਸੰਗਤ ਹੜ੍ਹ ਪੀੜਤ ਲੋਕਾਂ ਦੀ ਮਦਦ ’ਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਨਾਲ ਨਾਲ ਸੰਗਤ ਨੇ ਰਸਦਾਂ ਦਾ ਵੀ ਹੜ੍ਹ ਲਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਯੂ. ਪੀ., ਰਾਜਸਥਾਨ ਅਤੇ ਜੰਮੂ ਤੱਕ ਦੇ ਸੁਹਿਰਦ ਵੀਰ ਫ਼ੋਨ ਰਾਹੀਂ ਪੁੱਛ ਰਹੇ ਹਨ ਕਿ ਰਾਸ਼ਨ ਆਦਿ ਦੀ ਕਿਤੇ ਲੋੜ ਹੈ ਤਾਂ ਦੱਸਿਆ ਜਾਵੇ। ਭਾਈ ਮਾਝੀ ਨੇ ਕਿਹਾ ਕਿ ਹੜ੍ਹ ਦਾ ਪਾਣੀ ਸੁੱਕਣ ਤੋਂ ਬਾਅਦ ਝੋਨੇ ਦੀ ਪਛੇਤੀ ਪਨੀਰੀ ਦੀ ਲੋੜ ਪਵੇਗੀ, ਜਿਸ ਲਈ ਸਾਨੂੰ ਹੁਣ ਤੋਂ ਹੀ ਤਿਆਰੀ ਵਿੱਢ ਦੇਣੀ ਚਾਹੀਦੀ ਹੈ।