ਸੰਦੌੜ: ਸਿਵਲ ਸਰਜਨ ਮਾਲੇਰਕੋਟਲਾ ਡਾ. ਪ੍ਰਦੀਪ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐੱਸ ਭਿੰਡਰ ਵੱਲੋਂ ਸਿਹਤ ਬਲਾਕ ਫਤਹਿਗੜ੍ਹ ਪੰਜਗਰਾਈਆਂ ਅਧੀਨ ਆਉਂਦੇ ਸਿਹਤ ਕੇਂਦਰ ਅਬਦੁੱਲਾਪੁਰ ਚੁਹਾਣੇ, ਧਲੇਰ ਕਲਾਂ ਅਤੇ ਖੁਰਦ ਦਾ ਨਿਰੀਖਣ ਕੀਤਾ ਗਿਆ। ਐੱਸਐੱਮਓ ਡਾ. ਭਿੰਡਰ ਨੇ ਕਿਹਾ ਕਿ ਇਹ ਆਮ ਨਿਰੀਖਣ ਹੈ ਅਤੇ ਬਲਾਕ ਵਿੱਚ ਅਚਨਚੇਤ ਨਿਰੀਖਣਾਂ ਦਾ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਹਰ ਇੱਕ ਲੋੜਵੰਦ ਤੱਕ ਪੁੱਜਦੀਆਂ ਕੀਤੀਆਂ ਜਾਣ ਅਤੇ ਕੌਮੀ ਪ੍ਰੋਗਰਾਮਾਂ ਤੋਂ ਜਾਣੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਸਬੰਧੀ ਵਿਭਾਗ ਸੰਜੀਦਗੀ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ। ਇਸ ਮੌਕੇ ਬੀਈਈ ਹਰਪ੍ਰੀਤ ਕੌਰ, ਰਾਜੇਸ਼ ਰਿਖੀ, ਗੁਰਵੀਰ ਸਿੰਘ, ਸਿਮਰਜੀਤ ਕੌਰ, ਕਿਰਨਜੀਤ ਕੌਰ, ਮਨਦੀਪ ਸਿੰਘ, ਕਰਮਜੀਤ ਕੌਰ, ਨਸੀਮ ਅਖਤਰੀ ਤੇ ਬਲਜਿੰਦਰ ਕੌਰ ਹਾਜ਼ਰ ਸਨ। -ਪੱਤਰ ਪ੍ਰੇਰਕ