ਗੁਰਨਾਮ ਸਿੰਘ ਚੌਹਾਨ
ਪਾਤੜਾਂ, 27 ਸਤੰਬਰ
ਤਿੰਨ ਖੇਤੀ ਕਨੂੰਨਾਂ ਖ਼ਿਲਾਫ਼ ਦਿੱਲੀ ਕਿਸਾਨ ਮੋਰਚਿਆਂ ਨੂੰ ਦਸ ਮਹੀਨਿਆਂ ਦਾ ਪੜਾਅ ਪੂਰਾ ਕਰਨ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨੇ ਭਾਰਤ ਬੰਦ ਦੇ ਸੱਦੇ ਨੂੰ ਪਾਤੜਾਂ ਇਲਾਕੇ ਵਿੱਚ ਵੱਡਾ ਹੁੰਗਾਰਾ ਮਿਲਿਆ, ਜਿਸ ਦੌਰਾਨ ਸ਼ਹਿਰ ਵਿੱਚ ਆਵਾਜਾਈ, ਵਪਾਰ, ਦੁਕਾਨਾਂ ਸਮੇਤ ਸਮੁੱਚੀ ਜਨਤਕ ਸਰਗਰਮੀ ਠੱਪ ਰਹੀ। ਬੰਦ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਨਿਆਲ ਵਿੱਚ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਦੀ ਅਗਵਾਈ ਵਿੱਚ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਉਲੀਕੇ ਕਿਸਾਨ ਮੁਜ਼ਾਹਰੇ ਕੀਤੇ ਗਏ। ਜਿਨ੍ਹਾਂ ਵਿੱਚ ਪਿੰਡਾਂ ’ਚੋਂ ਸੈਂਕੜੇ ਕਿਸਾਨਾਂ, ਨੌਜਵਾਨਾਂ, ਬੀਬੀਆਂ ਸਮੇਤ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ।
ਅਮਰਗੜ੍ਹ (ਰਾਜਿੰਦਰ ਜੈਦਕਾ): ਇਥੇ ਮਜ਼ਦੂਰਾਂ, ਸਿਹਤ ਕਰਮਚਾਰੀਆਂ, ਮੁਲਾਜ਼ਮਾਂ ਤੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਕਿਸਾਨਾਂ ਵੱਲੋਂ ਲਗਾਏ ਧਰਨੇ ਵਿੱਚ ਸ਼ਾਮਲ ਹੋ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ। ਇਸ ਮੌਕੇ ਸੂਬਾ ਆਗੂ ਸੁਖਵਿੰਦਰ ਸਿੰਘ, ਪ੍ਰਧਾਨ ਹਰਦੀਪ ਸਿੰਘ, ਸਰਬਜੀਤ ਸਿੰਘ ਗੋਗੀ, ਰਾਜਿੰਦਰ ਸਿੰਘ ਟੀਨਾ ਨੰਗਲ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ, ਅਵਤਾਰ ਸਿੰਘ ਤਾਰੀ, ਹਰਵਿੰਦਰ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
ਧੂਰੀ (ਪਵਨ ਕੁਮਾਰ ਵਰਮਾ, ਹਰਦੀਪ ਸੋਢੀ): ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਤੇ ਅਮਲ ਕਰਦਿਆਂ ਸਮੁੱਚੀਆਂ ਕਿਸਾਨ ਜੱਥੇਬੰਦੀਆਂ ਅਤੇ ਸਹਿਯੋਗੀ ਜਥੇਬੰਦੀਆਂ ਨੇ ਕੱਕੜਵਾਲ ਚੌਕ ਵਿੱਚ ਸੜਕੀ ਆਵਾਜਾਈ ਠੱਪ ਕਰ ਕੇ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ਾਲ ਧਰਨਾ ਦਿੱਤਾ। ਬਲਾਕ ਧੂਰੀ ਦੇ ਸਾਰੇ ਪਿੰਡਾਂ ਦੇ ਕਿਸਾਨਾਂ ਅਤੇ ਸ਼ਹਿਰ ਨਿਵਾਸੀਆਂ ਨੇ ਆਪਣੀਆਂ ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ ਬੰਦ ਕਰਕੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਵਿੱਚ ਪੂਰਨ ਸਹਿਯੋਗ ਦਿੱਤਾ। ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ। ਸਟੇਜ ਤੋਂ ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਕਿਸਾਨ ਜਥੇਬੰਦੀਆਂ ਦੇ ਆਗੂ ਜਰਨੈਲ ਸਿੰਘ ਜਹਾਂਗੀਰ, ਨਾਜ਼ਮ ਸਿੰਘ ਪੁੰਨਾਵਾਲ, ਮੇਜਰ ਸਿੰਘ ਪੁੰਨਾਵਾਲ, ਨਰੰਜਣ ਸਿੰਘ ਦੋਹਲਾ, ਹਰਦੇਵ ਸਿੰਘ ਘਨੌਰੀ, ਮਹਿੰਦਰ ਸਿੰਘ ਬੁਗਰਾ, ਅਵਤਾਰ ਸਿੰਘ ਬਾਦਸ਼ਾਹਪੁਰ ਅਤੇ ਸਮਾਜ ਸੇਵੀ ਨਰਿੰਦਰ ਸਿੰਘ ਬਖਸ਼ੀ ਨੇ ਵੀ ਹਾਜ਼ਰੀ ਪ੍ਰਗਟ ਕਰਵਾਈ।
ਸੰਦੌੜ (ਮੁਕੰਦ ਸਿੰਘ ਚੀਮਾ): ਅੱਜ ਕਸਬਾ ਸੰਦੌੜ ਸਮੇਤ ਆਲੇ ਦੁਆਲੇ ਦੇ ਪਿੰਡਾਂ ਦੀਆਂ ਦੁਕਾਨਾਂ ਪੂਰਨ ਤੌਰ ’ਤੇ ਬੰਦ ਰਹੀਆਂ ਅਤੇ ਇਸ ਬੰਦ ਨੂੰ ਇਲਾਕੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸਵੇੇਰ ਤੋਂ ਹੀ ਸੜਕਾਂ ਉਪਰ ਆਵਾਜਾਈ ਠੱਪ ਰਹੀ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ ਵੱਲੋਂ ਬਲਾਕ ਪ੍ਰਧਾਨ ਸੇਰ ਸਿੰਘ ਮਹੋਲੀ ਅਤੇ ਮੀਤ ਪ੍ਰਧਾਨ ਡਾ. ਅਮਰਜੀਤ ਸਿੰਘ ਧਲੇਰ ਕਲਾਂ ਦੀ ਅਗਵਾਈ ਹੇਠ ਪੁਲ ਕਲਿਆਣ ਵਿੱਚ ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ’ਤੇ ਧਰਨਾ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਰੋਸ ਧਰਨੇ ਵਿਚ ਪੰਜਾਬ ਨੰਬਰਦਾਰ ਯੂਨੀਅਨ ਯੂਨੀਅਨ ਦੇ ਸੂਬਾਈ ਆਗੂ ਭਗਵਾਨ ਸਿੰਘ ਮਾਣਕੀ ਅਤੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜੱਗੀ ਨੱਥੋਹੇੜੀ ਦੀ ਅਗਵਾਈ ਹੇਠ ਨੰਬਰਦਾਰਾਂ ਦਾ ਜਥਾ ਵੀ ਸ਼ਾਮਲ ਹੋਇਆ।
ਸ਼ੇਰਪੁਰ (ਬੀਰਬਲ ਰਿਸ਼ੀ): ਤਿੰਨ ਖੇਤੀ ਕਾਨੂੰਨ ਰੱਦ ਕਰਵਾਏ ਜਾਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਜਿੱਥੇ ਸ਼ੇਰਪੁਰ ਦੇ ਬਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ ਉੱਥੇ ਇਲਾਕੇ ਦੇ ਪਿੰਡਾਂ ਵਿੱਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਤੇ ਕਾਰੋਬਾਰ ਬੰਦ ਕਰ ਕੇ ਕਿਸਾਨਾਂ ਦੇ ਸੰਘਰਸ਼ ਨੂੰ ਸਰਗਰਮ ਹਮਾਇਤ ਦਿੱਤੀ। ਪ੍ਰੈਸ ਕਲੱਬ ਸ਼ੇਰਪੁਰ ਦੀ ਤਰਫ਼ੋ ਵਿਜੈ ਕੁਮਾਰ ਸਿੰਗਲਾ ਨੇ ਕਿਸਾਨ ਸੰਘਰਸ਼ ਨੂੰ ਸਰਗਰਮ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਧਰਨੇ ਵਿੱਚ ਅਕਾਲੀ ਸੰਯੁਕਤ ਦੇ ਉਮੀਦਵਾਰ ਸੰਤ ਸੁਖਵਿੰਦਰ ਸਿੰਘ ਟਿੱਬਾ, ਅਕਾਲੀ-ਬਸਪਾ ਦੇ ਉਮੀਦਵਾਰ ਚਮਕੌਰ ਸਿੰਘ ਬੀਰ, ਸਿੱਖ ਬੁੱਧਜੀਵੀ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਮੁਲਾਜ਼ਮ ਨੇਤਾ ਮਾਸਟਰ ਚਰਨ ਸਿੰਘ ਜਵੰਧਾ, ਅਕਾਲੀ ਦਲ ਅੰਮ੍ਰਿਤਸਰ ਦੇ ਮਨਜੀਤ ਸਿੰਘ ਧਾਮੀ, ਬਲਵੰਤ ਸਿੰਘ ਛੰਨਾ, ਬੀਬੀ ਬਲਜੀਤ ਕੌਰ ਵਿਰਕ, ਸਾਬਕਾ ਸਰਪੰਚ ਜਸਮੇਲ ਸਿੰਘ ਬੜੀ, ਦਰਸ਼ਨ ਸਿੰਘ ਕਾਤਰੋਂ, ਗੁਰਦੀਪ ਸਿੰਘ ਸਰਪੰਚ ਅਲੀਪੁਰ ਖਾਲਸਾ ਆਦਿ ਖਾਸ ਤੌਰ ’ਤੇ ਹਾਜ਼ਰੀ ਭਰੀ।
ਕਿਸਾਨਾਂ ਨੇ ਲੌਂਗੋਵਾਲ ਬੱਸ ਸਟੈਂਡ ’ਤੇ ਚੱਕਾ ਜਾਮ ਕਰਕੇ ਲਾਇਆ ਧਰਨਾ
ਲੌਂਗੋਵਾਲ (ਜਗਤਾਰ ਸਿੰਘ ਨਹਿਲ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਦੇਸ ਵਿਆਪੀ ਸੱਦੇ ਤਹਿਤ ਅੱਜ ਲੌਂਗੋਵਾਲ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵਪਾਰੀਆਂ, ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਾਜ਼ਾਰ ਅਤੇ ਸਾਰੇ ਕਾਰੋਬਾਰ ਬੰਦ ਕਰ ਕੇ ਕਿਰਤੀ ਕਿਸਾਨ ਯੂਨੀਅਨ , ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੀ ਅਗਵਾਈ ਹੇਠ ਲੌਂਗੋਵਾਲ ਬੱਸ ਸਟੈਂਡ ਉੱਪਰ ਚੱਕਾ ਜਾਮ ਕਰ ਕੇ ਧਰਨਾ ਲਾਇਆ। ਅੱਜ ਦੇ ਧਰਨੇ ਨੂੰ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਸੂਬਾ ਸਕੱਤਰ ਕਿਰਨਜੀਤ ਸਿੰਘ ਸੇਖੋਂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਭਜਨ ਸਿੰਘ ਢੱਡਰੀਆਂ, ਜ਼ਿਲ੍ਹਾ ਸਕੱਤਰ ਦਰਸ਼ਨ ਕੁੰਨਰਾਂ , ਜ਼ਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੌਂਗੋਵਾਲ , ਔਰਤ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਤਕੀਪੁਰ , ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਧਰਮਪਾਲ ਨਮੋਲ, ਦੇਸ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦੇ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ , ਫਰੀਡਮ ਫਾਈਟਰ ਐਸੋਸੀਏਸ਼ਨ ਦੇ ਸ੍ਰਪਰਸਤ ਸਮਿੰਦਰ ਕੌਰ ਗਿੱਲ ਅਤੇ ਹੋਰ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਨੇ ਸੰਬੋਧਨ ਕੀਤਾ।
ਘੱਗਾ ਵਿੱਚ ਦੁਕਾਨਾਂ, ਕਾਰੋਬਾਰ ਤੇ ਵਿਦਿਅਕ ਅਦਾਰੇ ਰਹੇ ਬੰਦ
ਘੱਗਾ (ਸ਼ਾਹਬਾਜ਼ ਸਿੰਘ): ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਤੇ ਭਾਰਤ ਬੰਦ ਨੂੰ ਅੱਜ ਇਲਾਕੇ ਵਿੱਚ ਭਾਰੀ ਸਮਰਥਨ ਤਹਿਤ ਜਿੱਥੇ ਦੁਕਾਨਾਂ ਅਤੇ ਹੋਰ ਕਾਰੋਬਾਰ ਬੰਦ ਰਹੇ, ਉੱਥੇ ਵਿਦਿਅਕ ਸੰਸਥਾਵਾਂ ਨੂੰ ਵੀ ਬੰਦ ਰੱਖਿਆ ਗਿਆ। ਇਥੋਂ ਦੇ ਮੁੱਖ ਮਾਰਗ ਦੇ ਬੂਟਾਸਿੰਘਵਾਲਾ ਚੌਕ ਉੱਤੇ ਏਕਤਾ ਉਗਰਾਹਾਂ ਯੂਨੀਅਨ ਵੱਲੋਂ ਲਾਈ ਸਟੇਜ ਤਹਿਤ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ, ਜਿਸ ਵਿਚ ਵੱਡੀ ਗਿਣਤੀ ਕਿਸਾਨ ਬੀਬੀਆਂ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਕਿਸਾਨ ਆਗੂ ਰਘਬੀਰ ਸਿੰਘ ਨਿਆਲ, ਸੁਰਿੰਦਰ ਕੌਰ ਇਕਾਈ ਪ੍ਰਧਾਨ ਘੱਗਾ, ਜਸਪਾਲ ਕੌਰ ਘੱਗਾ, ਜਸਵੰਤ ਕੌਰ ਮੀਤ ਪ੍ਰਧਾਨ, ਗੁਰਦੇਵ ਕੌਰ, ਮਨਜੀਤ ਕੌਰ, ਮਲਕੀਤ ਕੌਰ ਕਲਵਾਣੂ, ਸੁਰਜੀਤ ਕੌਰ ਚੁੱਪਕੀ, ਗੁਰਨਾਮ ਕੌਰ ਘੱਗਾ ਨੇ ਵੀ ਇਕੱਤਰਤਾ ਨੂੰ ਸੰਬੋਧਨ ਕੀਤਾ। ਇਸੇ ਦੌਰਾਨ ਬਾਦਸ਼ਾਹਪੁਰ ਵਿੱਚ ਵੀ ਭਾਰਤ ਬੰਦ ਨੂੰ ਪੂਰਨ ਸਮਰਥਨ ਮਿਲਿਆ।
ਦੇਵੀਗੜ੍ਹ, ਰੋਹੜ ਅਤੇ ਬਲਬੇੜਾ ਮਾਰਗਾਂ ’ਤੇ ਆਵਾਜਾਈ ਰਹੀ ਠੱਪ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਇਥੇ ਅੱਜ ਭਾਰਤ ਬੰਦ ਦਾ ਸੱਦੇ ਤਹਿਤ ਪਿੰਡ ਰੋਹੜ ਜਗੀਰ, ਬਲਬੇੜਾ ਅਤੇ ਦੇਵੀਗੜ੍ਹ ਘੱਗਰ ਦੇ ਪੁਲ ’ਤੇ ਗੁਰਦੀਪ ਸਿੰਘ ਦੇਵੀਨਗਰ, ਜਥੇ: ਤਰਸੇਮ ਸਿੰਘ ਕੋਟਲਾ, ਰਣਧੀਰ ਸਿੰਘ ਰੌਹੜ, ਅਮਰਜੀਤ ਸਿੰਘ ਰੌਹੜ, ਜੋਗਾ ਸਿੰਘ ਜੋਧਪੁਰ, ਰਾਜ ਕੁਮਾਰ ਸੈਣੀ, ਸੁਖਵਿੰਦਰ ਸਿੰਘ ਵਿਰਕ, ਬਲਵਿੰਦਰ ਸਿੰਘ, ਬਲਕਾਰ ਸਿੰਘ, ਬਲਜੀਤ ਸਿੰਘ ਲੇਹਲਾਂ, ਕੇਹਰ ਸਿੰਘ ਦੇਵੀਨਗਰ, ਅਮਰੀਕ ਸਿੰਘ ਆਦਿ ਕਿਸਾਨਾਂ ਦੀ ਅਗਵਾਈ ਵਿੱਚ ਦੇਵੀਗੜ੍ਹ, ਬਲੇੜਾ, ਭੁਨਰਹੇੜੀ ਤੇ ਰੋਹੜ ਜਗੀਰ ਵਿੱਚ ਬਜ਼ਾਰ ਬੰਦ ਰਹੇ। ਇਸ ਮੌਕੇ ਇਨ੍ਹਾਂ ਕਸਬਿਆਂ ਵਿੱਚ ਦੁਕਾਨਾਂ, ਸਕੂਲ ਅਤੇ ਬੈਂਕ ਬੰਦ ਰਹੇ।
ਸਮਾਣਾ ਸ਼ਹਿਰ ’ਚ ਪੱਸਰੀ ਰਹੀ ਸੁੰਨ ਲੋਕਾਂ ਨੇ ਪਿੰਡਾਂ ਦੀਆਂ ਸੜਕਾਂ ਵੀ ਕੀਤੀਆਂ ਜਾਮ
ਸਮਾਣਾ (ਸੁਭਾਸ਼ ਚੰਦਰ): ਮੋਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਘੱਟੋ-ਘੱਟ ਸਮਰਥਣ ਮੁੱਲ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੇ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਰੀਬ 10 ਮਹੀਨਿਆਂ ਤੋਂ ਵਿੱਢੇ ਸੰਘਰਸ ਤਹਿਤ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ’ਤੇ ਸਮਾਣਾ ਸ਼ਹਿਰ ਵੀ ਪੂਰੀ ਤਰ੍ਹਾਂ ਬੰਦ ਰਿਹਾ। ਕਿਸਾਨਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਚੌਕ, ਰਿਲਾਇੰਸ ਪੰਪ ਤੇ ਸਵੇਰੇ 6 ਵਜੇਂ ਤੋਂ ਸ਼ਾਮ 4 ਵਜੇ ਤੱਕ ਧਰਨਾ ਲੱਗਾ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਰਸਤਾ ਜਾਮ ਕੀਤਾ। ਇਸ ਮੌਕੇ ਬੰਦ ਦੌਰਾਨ ਟ੍ਰਾਂਸਪੋਰਟ, ਬੈਂਕ, ਸਰਕਾਰੀ ਦਫਤਰ ਅਤੇ ਬਜ਼ਾਰ ਮੁਕੰਮਲ ਬੰਦ ਰਹੇ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਪਿੰੰਡ ਗਾਜੇਵਾਸ, ਚੋਂਹਠ ਖੇੜੀ, ਢੈਂਠਲ, ਅਜੀਮਗੜ੍ਹ, ਰਾਮ ਨਗਰ ਆਦਿ ਪਿੰਡਾਂ ਦੀਆਂ ਸੜਕਾਂ ’ਤੇ ਵੀ ਧਰਨੇ ਲੱਗਾ ਕੇ ਕੋਈ ਵਾਹਨ ਨਹੀਂ ਲੰਘਣ ਦਿੱਤਾ। ਧਰਨੇ ਦੌਰਾਨ ਇਤਿਹਾਸਕ ਗੁਰਦੁਆਰਾ ਗੜ੍ਹੀ ਸਾਹਿਬ ਦੇ ਕਾਰ ਸੇਵਾ ਵਾਲੇ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਲੰਗਰ ਚਲਾਇਆ ਗਿਆ।
ਜਿੱਥੇ ਬਾਜ਼ਾਰ ਮੁਕੰਮਲ ਰੂਪ ਵਿੱਚ ਬੰਦ ਰਹੇ। ਇਲਾਕੇ ਭਰ ਵਿੱਚੋਂ ਪੁੱਜੇ ਹਜ਼ਾਰਾਂ ਕਿਸਾਨਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿਚ ਮੁਕੰਮਲ ਰੂਪ ਵਿੱਚ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੇਕੇਯੂ ਦੇ ਰਮਿੰਦਰ ਪਟਿਆਲਾ, ਬੀਕੇਯੂ (ਕ੍ਰਾਂਤੀਕਾਰੀ) ਦੇ ਗੁਰਨਾਮ ਸਿੰਘ ਢੈਂਠਲ, ਬੀਕੇਯੂ (ਲੱਖੋਵਾਲ) ਦੇ ਦਲਜੀਤ ਸਿੰਘ ਚੱਕ, ਕੇਕੇਯੂ ਦੇ ਹਰਭਜਨ ਸਿੰਘ ਬੁੱਟਰ, ਕੇਐਚਕੇ ਸਭਾ ਦੇ ਕੁਲਵੰਤ ਮੋਲਵੀਵਾਲਾ, ਤੇਜਾ ਸਿੰਘ ਖੇੜੀ ਨਗੱਈਆਂ, ਜੇਕੇਐਸ ਦੇ ਬਲਵਿੰਦਰ ਸਮਾਣਾ, ਭੀਕੇਯੂ (ਸਿੱਧੁੂਪੁਰ) ਦੇ ਅਜੈਬ ਸਿੰਘ ਧਨੇਠਾ ਨੇ ਸੰਬੋਧਨ ਕੀਤਾ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ, ਟੌਲ ਪਲਾਜ਼ਾ ਵਰਕਰ ਯੂਨੀਅਨ, ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ, ਗੌਰਮਿੰਟ ਟੀਚਰਜ, ਨੌਜਵਾਨ ਭਾਰਤ ਸਭਾ, ਸਾਹਿਤਕਾਰਾਂ ਦੀ ਜਥੇਬੰਦੀ ਅਦਾਰਾ ਪਰਵਾਜ, ਸਰਪੰਚ ਯੂਨੀਅਨ, ਨੰਬਰਦਾਰ ਯੂਨੀਅਨ, ਭੀਮ ਆਰਮੀ ਆਦਿ ਜਥੇਬੰਦੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।