ਰਮੇਸ਼ ਭਾਰਦਵਾਜ
ਲਹਿਰਾਗਾਗਾ, 18 ਅਕਤੂਬਰ
ਨੇੜਲੇ ਪਿੰਡ ਕਾਲਬੰਜਾਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਪੰਜਵੀਂ ਸ਼੍ਰੇਣੀ ਦੇ ਵਿਸ਼ੇਸ਼ ਲੋੜਾ ਵਾਲੇ ਵਿਦਿਆਰਥੀ ਜਸ਼ਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ, ਮਾਤਾ ਕਮਲੇਸ਼ ਕੌਰ ਕਿੱਤਾ ਮਜ਼ਦੂਰ ਦੇ ਹੌਸਲੇ ਨੂੰ ਸਲਾਮ ਕਰਨੀ ਬਣਦੀ ਹੈ। ਉਸ ਨੇ ਦਿਵਿਆਂਗਤਾ ਨੂੰ ਲਾਚਾਰੀ ਦੀ ਬਜਾਏ ਚੁਣੌਤੀ ਵਜੋਂ ਲਿਆ। ਇਸ ਵਿਦਿਆਰਥੀ ਦੇ ਦੋ ਬਾਹਾਂ ਨਾ ਹੋਣ ਅਤੇ ਇੱਕ ਲੱਤ ਛੋਟੀ ਹੋਣ ਦੇ ਬਾਵਜੂਦ ਪੈਰ ਨਾਲ ਹੀ ਪੇਟਿੰਗ ਕਰਕੇ ਪੋਸਟਰ ਮੇਕਿੰਗ ਮੁਕਾਬਲੇ ’ਚ ਸੂਬਾ ਪੱਧਰ ’ਤੇ ਮੋਹਰੀ ਸਥਾਨ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਜਨਮ ਤੋਂ ਦਿਵਿਆਂਗ ਹੋਣ ਦੇ ਬਾਵਜੂਦ ਜਸ਼ਨਦੀਪ ਸਿੰਘ ਸਕੂਲ ਦੀ ਪੜ੍ਹਾਈ-ਲਿਖਾਈ ਤੇ ਪੇਂਟਿੰਗ ਪੈਰ ਨਾਲ ਕਰਦਾ ਹੈ। ਮੁਕਾਬਲੇ ਲਈ ਬਣਾਈ ਨਿਯਮਾਂਬਲੀ ਅਨੁਸਾਰ ਇਹ ਬੱਚਾ ਮੁਕਾਬਲੇ ’ਚ ਹਿੱਸਾ ਨਹੀਂ ਲੈ ਸਕਦਾ ਪਰ ਸੀਡਬਲਿਊਐੱਸਐੱਨ (ਵਿਸ਼ੇਸ਼ ਲੋੜਾਂ ਵਾਲੇ ਬੱਚੇ) ਹੁੰਦੇ ਹੋਏ ਵਿਦਿਆਰਥੀ ਦੀ ਪ੍ਰਤਿਭਾ ਨੂੰ ਵੇਖਦਿਆਂ ਸਕੂਲ ਅਧਿਆਪਕਾਂ ਨੇ ਵਿੱਦਿਅਕ ਮੁਕਾਬਲਿਆਂ ਨਾਲ ਸਬੰਧਤ ਕਮੇਟੀ ਨੂੰ ਅਜਿਹੇ ਬੱਚਿਆਂ ਨੂੰ ਵੱਧ ਮੌਕੇ ਦੇਣ ਦੀ ਮੰਗ ਕੀਤੀ।
ਸਕੂਲ ਦੀ ਹੈੱਡ ਟੀਚਰ ਸੁਖਜਿੰਦਰ ਕੌਰ ਅਤੇ ਗਾਇਡ ਅਧਿਆਪਕ ਜੱਜ ਰਾਮ ਨੇ ਦੱਸਿਆ ਕਿ ਜਸ਼ਨਦੀਪ ਸਿੰਘ ਵੱਖ ਵੱਖ ਮੁਕਾਬਲਿਆਂ ’ਚ ਬਾਜੀ ਮਾਰ ਰਿਹਾ ਹੈ। ਵਿਦਿਆਰਥੀ ਨੂੰ ਪੜ੍ਹੋ ਪੰਜਾਬ ਟੀਮ ਵੱਲੋਂ ਬਲਾਕ ਅਤੇ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ’ਚ ਬੁਲਾ ਕੇ ਹਿੱਸਾ ਦਿਵਾਇਆ ਜਾਂਦਾ ਹੈ। ਉਸ ਨੇ ਬਲਾਕ ਅਤੇ ਜ਼ਿਲ੍ਹਾ ਪੱਧਰ ਦੇ ਇਨਾਮ ਵੀ ਹਾਸਲ ਕੀਤੇ ਹਨ। ਉਹ ‘ਪੜ੍ਹੋ ਪੰਜਾਬ’ ਦੇ ਟੀਚੇ ਇੱਕ ਕਲਾਸ ਅਗੇਤੇ ਪੂਰੇ ਕਰਦਾ ਰਿਹਾ ਹੈ। ਉਸਦਾ ਸੁਪਨਾ ਵੱਡਾ ਹੋ ਕੇ ਜੱਜ ਬਣਨ ਅਤੇ ਝੁੱਗੀ ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਨੂੰ ਪੜ੍ਹਾਉਣ ਦਾ ਹੈ। ਮਾਪੇ ਅਤੇ ਅਧਿਆਪਕ ਇਸ ਬੱਚੇ ਲਈ ਵਿਸ਼ੇਸ਼ ਆਰਥਿਕ ਮਦਦ ਦੀ ਮੰਗ ਕੀਤੀ ਤਾਂ ਜੋ ਉਹ ਭਵਿੱਖ ’ਚ ਆਪਣੇ ਪੈਰਾ ’ਤੇ ਖੜ੍ਹਾ ਹੋ ਸਕੇ।