ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 20 ਮਈ
ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਤੇ ਸਥਿਤ ਟੌਲ ਪਲਾਜ਼ਾ ਕਾਲਾ ਝਾੜ ਦੇ ਕਰਮਚਾਰੀਆਂ ਨੇ ਦਸੰਬਰ ਮਹੀਨੇ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਲਗਾਏ ਪੱਕੇ ਧਰਨੇ ਵਿੱਚ ਵੀਰਵਾਰ ਦੂਜੇ ਦਿਨ ਵੀ 5 ਕਰਮਚਾਰੀ ਭੁੱਖ ਹੜਤਾਲ ’ਤੇ ਬੈਠੇ।
ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਦੱਸਿਆ ਕਿ ਅੱਜ ਧਰਨੇ ਵਿੱਚ ਕੰਪਨੀ ਅਤੇ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਦੌਰਾਨ ਟੌਲ ਪਲਾਜ਼ਾ ਦੇ ਕਰਮਚਾਰੀ ਗੁਰਧਿਆਨ ਸਿੰਘ, ਕੁਲਦੀਪ ਸਿੰਘ, ਨਰੈਣ ਸਿੰਘ, ਲੱਖਾ ਸਿੰਘ ਅਤੇ ਕੁਲਵਿੰਦਰ ਸਿੰਘ ਭੁੱਖ ਹੜਤਾਲ ’ਤੇ ਬਿਠਾਏ ਗਏ। ਉਨ੍ਹਾਂ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ ਵੱਲੋਂ ਕਿਸਾਨ ਸੰਘਰਸ਼ ਦੇ ਚੱਲਦਿਆਂ ਕੰਪਨੀ ਨੂੰ 1000 ਕਰੋੜ ਰੁਪਏ ਦੀ ਰਾਹਤ ਦੇਣ ਦੇ ਫੈਸਲੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਵਰਕਰਾਂ ਦੀਆਂ ਦਸੰਬਰ ਮਹੀਨੇ ਤੋਂ ਰਹਿੰਦੀਆਂ ਉਜਰਤਾਂ ਦਿਵਾਉਣ ਦੀ ਬਜਾਏ ਸਰਕਾਰ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਪੰਜਾਬ ਅਤੇ ਹਰਿਆਣਾ ਦੇ ਟੌਲ ਪਲਾਜ਼ਿਆਂ ਨੂੰ ਮੁਅੱਤਲ ਕਰਕੇ ਨਵੀਂ ਏਜੰਸੀ ਨੂੰ ਠੇਕਾ ਦੇ ਦਿੱਤਾ ਅਤੇ ਪੁਰਾਣੀ ਟੌਲ ਪਲਾਜ਼ਾ ਕੰਪਨੀ ਨੇ ਵਰਕਰਾਂ ਨੂੰ ਤਨਖਾਹਾਂ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ।