ਪੱਤਰ ਪੇ੍ਰਕ
ਸੁਨਾਮ ਊਧਮ ਸਿੰਘ ਵਾਲਾ, 29 ਅਕਤੂਬਰ
ਸਾਹਿਤ ਸਭਾ ਸੁਨਾਮ ਨੇ ਸੀਬੀਐਸਈ ਵੱਲੋਂ ਪੰਜਾਬੀ ਭਾਸ਼ਾ ਨਾਲ ਕੀਤੇ ਵਿਤਕਰੇ ਦਾ ਵਿਰੋਧ ਕੀਤਾ ਹੈ। ਇਥੋਂ ਦੇ ਰੋਜ਼ ਗਾਰਡਨ ਵਿਖੇ ਸਾਹਿਤ ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਦੀ ਅਗਵਾਈ ਵਿਚ ਇੱਕਤਰ ਹੋਏ ਸਾਹਿਤਕਾਰਾਂ ਨੇ ਸੀਬੀਐਸਈ ਦੇ ਇਸ ਫੈਸਲੇ ਨੂੰ ਖੇਤਰੀ ਭਾਸ਼ਾਵਾਂ ਦਾ ਗੱਲ ਘੁਟਣ ਦੇ ਬਰਾਬਰ ਦੱਸਿਆ ਹੈ। ਸਾਹਿਤ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ ਨੇ ਕੇਂਦਰੀ ਬੋਰਡ ਦੇ ਇਸ ਫੈਸਲੇ ਨੂੰ ਪੰਜਾਬੀ ਵਿਰੋਧੀ ਕਹਿ ਕਿ ਇਸ ਦੀ ਨਿੰਦਾ ਕੀਤੀ। ਕਾਮਰੇਡ ਸੰਪੂਰਨ ਸਿੰਘ ਐਡਵੋਕੇਟ ਨੇ ਕਿਹਾ ਕਿ ਸਾਡੀ ਮਾਤ ਭਾਸ਼ਾ ਪੰਜਾਬੀ ਨੂੰ ਅੰਦਰੋਂ-ਬਾਹਰੋਂ ਖੋਰਾ ਲਾਇਆ ਜਾ ਰਿਹਾ ਹੈ। ਇਸ ਮੌਕੇ ਸੁਲੱਖਣ ਸਿੰਘ ਨਿਰਾਲਾ, ਕਾਮਰੇਡ ਪਵਨ ਕੁਮਾਰ, ਹਰਮੇਲ ਸਿੰਘ, ਮਿਲਖਾ ਸਿੰਘ ਸਨੇਹੀ ਵੀ ਮੌਜੂਦ ਸਨ।