ਪਵਨ ਕੁਮਾਰ ਵਰਮਾ
ਧੂਰੀ, 18 ਜੁਲਾਈ
ਸਾਹਿਤ ਸਭਾ ਧੂਰੀ ਵੱਲੋਂ ਕਰਵਾਏ ਸਾਉਣ ਮਹੀਨੇ ਦੇ ਕਵੀ ਦਰਬਾਰ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਮਹੀਨੇ ਬਾਰੇ ਕਈ ਲੇਖਕਾਂ, ਗੁਰੂਆਂ ਅਤੇ ਸੰਤਾਂ ਨੇ ਬਹੁਤ ਸਾਰੇ ਸਾਹਿਤ ਦੀ ਰਚਨਾ ਕੀਤੀ ਹੈ। ਸਾਹਿਤ ਸਭਾ ਧੂਰੀ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਸ਼ੌਂਕੀ ਨੇ ਦੱਸਿਆ ਕਿ ਇਹ ਮਹੀਨਾ ਉੱਤਰੀ ਭਾਰਤ ਦੇ ਲੋਕਾਂ ਲਈ ਹਰਿਆਲੀ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ।
ਇਸ ਦੌਰਾਨ ਹੋਏ ਕਵੀ ਦਰਬਾਰ ਦੀ ਸ਼ੁਰੂਆਤ ਜਗਦੇਵ ਸ਼ਰਮਾ ਬੁਗਰਾ ਦੀ ਕਵਿਤਾ ਨਾਲ ਹੋਈ। ਇਸ ਮਗਰੋਂ ਸੁਰਿੰਦਰ ਸ਼ਰਮਾ ਨਾਗਰਾ, ਸੱਤਪਾਲ ਪ੍ਰਾਸ਼ਰ, ਰਾਜ ਪਵਨ ਕੁਮਾਰ ਕਾਤਰੋਂ, ਸੁਖਦੇਵ ਸ਼ਰਮਾ ਧੂਰੀ, ਪੇਂਟਰ ਸੁਖਦੇਵ ਧੂਰੀ, ਜਸਵੰਤ ਸਿੰਘ ਜੋਸ਼, ਪ੍ਰਿੰਸੀਪਲ ਸੰਤ ਸਿੰਘ ਬੀਹਲਾ, ਰਣਜੀਤ ਸਿੰਘ ਧੂਰੀ, ਬਲਵਿੰਦਰ ਸਿੰਘ ਜੱਖਲਾਂ, ਗੁਰਦੀਪ ਸਿੰਘ ਕੈਂਥ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਤੋਂ ਇਲਾਵਾ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਨਾਹਰ ਮੁਬਾਰਕਪੁਰੀ, ਰਮੇਸ਼ ਜੈਨ, ਗੁਰਜੀਤ ਜਹਾਂਗੀਰ ਨੇ ਵੀ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਸ਼ੇਰ ਸਿੰਘ ਬੇਨੜਾ ਅਤੇ ਵਿਜੇ ਕੁਮਾਰ ਸੋਫਤ ਨੇ ਰਚਨਾਵਾਂ ਦੀ ਸ਼ਲਾਘਾ ਕੀਤੀ।