ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 18 ਸਤੰਬਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਬਹੁਤ ਸਾਰੇ ਕਿਸਾਨ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਲੱਗ ਗਏ ਹਨ। ਵਿਭਾਗ ਦੇ ਉੱਦਮ ਸਦਕਾ ਪਿੰਡ ਰੁਸਤਮਗੜ੍ਹ ਦੇ 27 ਸਾਲਾ ਪੋਸਟ ਗ੍ਰੈਜੂਏਟ ਕਿਸਾਨ ਹਰਮਨਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਪਰਾਲੀ ਨੂੰ ਆਪਣੇ ਖੇਤਾਂ ਵਿੱਚ ਵਾਹ ਕੇ ਪਰਾਲੀ ਦਾ ਨਿਪਟਾਰਾ ਕਰ ਰਿਹਾ ਹੈ। ਉਹ ਕਰੀਬ 34 ਏਕੜ ਜ਼ਮੀਨ ’ਤੇ ਵਾਹੀ ਕਰ ਰਿਹਾ ਹੈ, ਜਿਸ ’ਚ 13 ਏਕੜ ਦੀ ਮਾਲਕੀ ਉਸ ਦੇ ਪਰਿਵਾਰ ਦੀ ਹੈ ਤੇ 21 ਏਕੜ ਜ਼ਮੀਨ ਠੇਕੇ ’ਤੇ ਲਈ ਹੋਈ ਹੈ । ਉਸ ਵੱਲੋਂ ਹੈਪੀ ਸੀਡਰ ਨਾਲ ਕਰੀਬ 30 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਉਸ ਨੇ ਦੱਸਿਆ ਕਿ ਉਹ ਹੈਪੀ ਸੀਡਰ ਨਾਲ ਬੀਜੀ ਕਣਕ ਦਾ ਝਾੜ ਰਿਵਾਇਤੀ ਢੰਗ ਨਾਲ ਬੀਜੀ ਜਾਣ ਵਾਲੀ ਕਣਕ ਤੋਂ ਵਧੇਰੇ ਪ੍ਰਾਪਤ ਕਰਦਾ ਹੈ। ਇਸ ਤੋਂ ਇਲਾਵਾ ਉਹ 4 ਏਕੜ ਵਿੱਚ ਸਬਜ਼ੀਆਂ ਅਤੇ ਮੱਕੀ ਦੀ ਖੇਤੀ ਕਰਦਾ ਹੈ,ਆਉਣ ਵਾਲੇ ਸਮੇਂ ’ਚ ਉਹ ਸਬਜ਼ੀਆਂ ਹੇਠ ਰਕਬਾ ਵਧਾਉਣ ਦੀ ਸੋਚ ਰਿਹਾ ਹੈ। ਉਸ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਸੁਝਾਏ ਢੰਗਾਂ ਨਾਲ ਨਵੀਂ ਤਕਨੀਕ ਦੀਆਂ ਮਸ਼ੀਨਰੀ ਦੇ ਨਾਲ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨਾ ਹੋਰ ਵੀ ਸੌਖਾ ਹੋ ਗਿਆ ਹੈ। ਉਸ ਨੇ ਦੱਸਿਆ ਕਿ ਫ਼ਸਲਾਂ ਦੀ ਰਹਿੰਦ -ਖੂੰਹਦ ਖੇਤ ’ਚ ਹੀ ਵਾਹੁਣ ਨਾਲ ਖਾਦਾਂ ਅਤੇ ਕੀਟਨਾਸ਼ਕਾਂ ਦੀ ਅੱਧੀ ਵਰਤੋਂ ਹੋਣ ਲੱਗ ਗਈ ਹੈ। ਮਿੱਟੀ ਦੀ ਸਿਹਤ ਵਿੱਚ ਬਹੁਤ ਸੁਧਾਰ ਹੋ ਰਿਹਾ ਹੈ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਮਲੇਰਕੋਟਲਾ ਨਵਦੀਪ ਕੁਮਾਰ ਨੇ ਦੱਸਿਆ ਕਿ ਪਿੰਡਾਂ ਵਿੱਚ ਸਥਾਪਤ ਸਹਿਕਾਰੀ ਸਭਾਵਾਂ ਅਤੇ ਪਰਾਲੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਸਬਸਿਡੀ ’ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਵੱਖ -ਵੱਖ ਮਸ਼ੀਨਰੀ ਮੁਹੱਈਆ ਕਰਵਾਈ ਜਾਂਦੀ ਹੈ।