ਰਮੇਸ਼ ਭਾਰਦਵਾਜ
ਲਹਿਰਾਗਾਗਾ, 18 ਜੂਨ
ਇੱਥੇ ਪੰਜ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤਹਿਤ ਅੱਜ ਪੇਂਡੂ ਮਜ਼ਦੂਰ ਯੂਨੀਅਨ (ਆਜ਼ਾਦ) ਵੱਲੋਂ ਪਿੰਡ ਗਿਦੜਿਆਣੀ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਖੇਤ ਮਜ਼ਦੂਰ ਮੰਗ ਕਰ ਰਹੇ ਹਨ ਕਿ ਝੋਨੇ ਦੀ ਲਵਾਈ 6000 ਰੁਪਏ ਪ੍ਰਤੀ ਏਕੜ ਕੀਤੀ ਜਾਵੇ। ਵੱਧ ਰਹੀ ਮਹਿੰਗਾਈ ਦੇ ਹਿਸਾਬ ਨਾਲ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ। ਪੇਂਡੂ ਧਨਾਢ ਚੌਧਰੀਆ ਵੱਲੋਂ ਮਜ਼ਦੂਰਾਂ ਖਿਲਾਫ ਪਾਏ ਜਾ ਰਹੇ ਮਤਿਆਂ ਤੇ ਐੱਸਸੀ ਐਕਟ ਤਹਿਤ ਪਰਚੇ ਦਰਜ ਕੀਤੇ ਜਾਣ। ਪੰਜ ਪੰਜ ਮਰਲ਼ੇ ਦੇ ਪਲਾਟ ਅਲਾਟ ਕੀਤੇ ਜਾਣ। ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਮੁਆਫ ਕੀਤਾ ਜਾਵੇ। ਮਜ਼ਦੂਰਾਂ ਦੇ ਰੁਜ਼ਗਾਰ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਨਰੇਗਾ ਦਾ ਕੰਮ ਪੂਰਾ ਸਾਲ ਚਲਾਇਆ ਜਾਵੇ ਅਤੇ ਨਰੇਗਾ ਦੀ ਦਿਹਾੜੀ ਵਿੱਚ ਵਾਧਾ ਕੀਤਾ ਜਾਵੇ। ਇਨ੍ਹਾਂ ਮੰਗਾਂ ਨੂੰ ਹੱਲ ਕਰਵਾਉਣ ਲਈ ਮਜ਼ਦੂਰਾਂ ਵਿਚ ਬਹੁਤ ਉਤਸ਼ਾਹ ਸੀ। ਅੱਜ ਦੀ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਜਗਸੀਰ ਸਿੰਘ ਗਿਦੜਿਆਣੀ, ਵਿੱਕੀ ਸਿੰਘ, ਲਾਲ ਸਿੰਘ, ਮੁਖਤਿਆਰ ਸਿੰਘ, ਨਿਰਮਲ ਕੌਰ, ਚਰਨਜੀਤ ਕੌਰ ਅਤੇ ਬੇਅੰਤ ਕੌਰ ਨੇ ਸੰਬੋਧਨ ਕੀਤਾ।