ਹਰਦੀਪ ਸਿੰਘ ਸੋਢੀ
ਧੂਰੀ, 20 ਫਰਵਰੀ
ਅੱਜ ਪੰਜਾਬ ਵਿਧਾਨ ਸਭਾ ਲਈ ਪਈਆਂ ਵੋਟਾਂ ਦੌਰਾਨ ਹਲਕਾ ਧੂਰੀ ਅੰਦਰ ਸ਼ਹਿਰੀ ਵੋਟਰਾਂ ਦੇ ਮੁਕਾਬਲੇ ਪੇਂਡੂ ਖੇਤਰ ਦੇ ਵੋਟਰਾਂ ’ਚ ਵਧੇਰੇ ਉਤਸ਼ਾਹ ਦੇਖਣ ਨੂੰ ਮਿਲਿਆ। ਜਾਣਕਾਰੀ ਅਨੁਸਾਰ ਦੁਪਹਿਰ ਕਰੀਬ ਦੋ ਵਜੇ ਤੱਕ ਹਲਕੇ ਦੇ ਪਿੰੰਡ ਬੇਨੜਾ ਵਿੱਚ 3665 ਵੋਟਾਂ ’ਚੋਂ 1693 ਵੋਟਾਂ ਪੈਣ ਨਾਲ 46 ਫੀਸਦੀ, ਪਿੰਡ ਮਾਨਵਾਲਾ ਵਿੱਚ 565 ਵੋਟਾਂ ’ਚੋਂ 316 ਵੋਟਾਂ ਪੈਣ ਨਾਲ 56 ਫੀਸਦੀ ਅਤੇ ਪਿੰਡ ਧੂਰਾ ਵਿੱਚ 1716 ਵੋਟਰਾਂ ’ਚੋਂ 926 ਵੋਟਰਾਂ ਵੱਲੋਂ ਆਪਣੇ ਵੋਟ ਹੱਕ ਦੀ ਵਰਤੋਂ ਕਰਨ ਨਾਲ 54.27 ਫੀਸਦੀ ਵੋਟਾਂ ਪੈ ਚੁੱਕੀਆਂ ਸਨ। ਜਦੋਂ ਕਿ ਧੂਰੀ ਸ਼ਹਿਰ ਦੇ ਚਾਰ ਪੋਲਿੰਗ ਬੂਥਾਂ ਉਪਰ 3,448 ਵੋਟਰਾਂ ’ਚੋਂ 1521 ਵੋਟਰ ਭੁਗਤਣ ਨਾਲ 44 ਫੀਸਦੀ ਵੋਟਾਂ ਪਈਆਂ। ਵਰਨਣਯੋਗ ਹੈ ਕਿ ਧੂਰੀ ਹਲਕੇ ਨੂੰ ਹਾਟ ਸੀਟ ਮੰਨਦਿਆਂ ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚਾੜਨ ਲਈ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਅਤੇ ਉੱਥੇ ਔਰਤ ਵੋਟਰਾਂ ਨੂੰ ਵੋਟ ਹੱਕ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਸਥਾਨਕ ਨਗਰ ਕੌਂਸਲ ਦੇ ਦਫ਼ਤਰ ਵਿੱਚ ਪਿੰਕ ਬੂਥ ਬਣਾਇਆ ਗਿਆ, ਉੱਥੇ ਧੂਰੀ ਦੇ ਵੱਖ-ਵੱਖ ਬੂਥਾਂ ਉੱਪਰ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਚੈਕਿੰਗ ਕੀਤੀ।