ਪੱਤਰ ਪ੍ਰੇਰਕ
ਭਵਾਨੀਗੜ੍ਹ, 1 ਮਈ
ਇੱਥੋਂ ਦੀ ਪੁਲੀਸ ਨੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ 3 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੁਲੀਸ ਕਾਂਸਟੇਬਲ, ਉਸ ਦੀ ਪਤਨੀ ਅਤੇ ਸਾਬਕਾ ਸਰਪੰਚ ਖਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕੀਤਾ।
ਇਸ ਸਬੰਧੀ ਜਸਵਿੰਦਰ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਨੇ ਦੱਸਿਆ ਕਿ ਉਸ ਦਾ ਮਾਮਾ ਭਵਾਨੀਗੜ੍ਹ ’ਚ ਫਰਨੀਚਰ ਦੀ ਦੁਕਾਨ ਕਰਦਾ ਹੈ ਜਿਥੇ ਪੰਜਾਬ ਪੁਲੀਸ ਦਾ ਕਾਂਸਟੇਬਲ ਜਰਨੈਲ ਸਿੰਘ ਅਕਸਰ ਆਉਂਦਾ ਜਾਂਦਾ ਸੀ। ਇਸੇ ਦੌਰਾਨ ਜਰਨੈਲ ਸਿੰਘ ਨੇ ਉਸ ਦੇ ਮਾਮੇ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਨੌਕਰੀ ’ਤੇ ਲਗਵਾਉਣਾ ਹੋਵੇ ਤਾਂ ਦੱਸ ਦੇਣਾ। ਇਸ ਤਹਿਤ ਉਸ (ਜਸਵਿੰਦਰ ਸਿੰਘ) ਨੂੰ ਪੁਲੀਸ ਵਿਭਾਗ ਦੇ ਨਾਰਕੋਟਿਕ ਸੈੱਲ ’ਚ ਨੌਕਰੀ ਲਗਵਾਉਣ ਦਾ ਭਰੋਸਾ ਦੇਣ ’ਤੇ ਜਰਨੈਲ ਸਿੰਘ ਨੂੰ 3 ਲੱਖ ਰੁਪਏ ਦੇਣ ਦੀ ਗੱਲਬਾਤ ਹੋ ਗਈ। ਪੈਸੇ ਲੈਣ ਦੇ ਬਾਵਜੂਦ ਉਸ ਨੂੰ ਨੌਕਰੀ ਨਹੀਂ ਦਿਵਾਈ ਗਈ। ਉਸ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੇ ਮੋਬਾਈਲ ਨੰਬਰ ‘ਤੇ ਇਸ ਸਬੰਧੀ ਸ਼ਿਕਾਇਤ ਭੇਜ ਕੇ ਇਨਸਾਫ਼ ਦੀ ਮੰਗ ਕੀਤੀ।