ਨਿਜੀ ਪੱਤਰ ਪ੍ਰੇਰਕ
ਸੰਗਰੂਰ, 20 ਅਗਸਤ
ਕਲਮ ਛੋੜ ਅਤੇ ਟੂਲ ਡਾਊਨ ਹੜਤਾਲ ਦੇ ਤੀਜੇ ਦਿਨ ਅੱਜ ਵੱਖ-ਵੱਖ ਵਿਭਾਗਾਂ ਦੇ ਡਿਪਲੋਮਾ ਇੰਜਨੀਅਰਾਂ ਵਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ ਅਤੇ ਡੀਸੀ ਦਫ਼ਤਰ ਅੱਗੇ ਰੋਸ ਧਰਨਾ ਦਿੰਦਿਆਂ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ। ਹੜਤਾਲੀ ਇੰਜਨੀਅਰਾਂ ਵਲੋਂ ਐਲਾਨ ਕੀਤਾ ਗਿਆ ਕਿ 8 ਸਤੰਬਰ ਨੂੰ ਪਟਿਆਲਾ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਲਾਮਿਸਾਲ ਹੋਵੇਗੀ।
ਕੌਂਸਲ ਆਫ਼ ਡਿਪਲੋਮਾ ਇੰਜਨੀਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਜੂਨੀਅਰ ਇੰਜਨੀਅਰਾਂ, ਸਹਾਇਕ ਇੰਜਨੀਅਰਾਂ ਅਤੇ ਉਪ ਮੰਡਲ ਇੰਜਨੀਅਰਾਂ ਵਲੋਂ ਕਲਮ ਛੋੜ ਅਤੇ ਟੂਲ ਡਾਊਨ ਹੜਤਾਲ ਦੇ ਤੀਜੇ ਦਿਨ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ ਅਤੇ ਰੋਸ ਧਰਨਾ ਵੀ ਜਾਰੀ ਰਿਹਾ। ਧਰਨੇ ਦੀ ਅਗਵਾਈ ਚਰਨਦੀਪ ਸਿੰਘ ਚਹਿਲ, ਹਰਜੀਤ ਸਿੰਘ ਟਿੱਬਾ, ਵਰਿੰਦਰ ਕੁਮਾਰ ਸਿੰਗਲਾ ਆਦਿ ਆਗੂਆਂ ਨੇ ਕੀਤੀ। ਇਸ ਮੌਕੇ ਐਸੋਸੀਏਸ਼ਨ ਆਗੂਆਂ ਦਵਿੰਦਰ ਸਿੰਘ, ਕੁਲਵੰਤ ਸਿੰਘ, ਸੁਰਿੰਦਰ ਕੁਮਾਰ, ਭੁਪਿੰਦਰ ਸਿੰਘ ਧੂਰੀ ਆਦਿ ਨੇ ਦਾਅਵਾ ਕੀਤਾ ਕਿ ਪੰਜਾਬ ਭਰ ਵਿਚ ਡਿਪਲੋਮਾ ਇੰਜਨੀਅਰਾਂ ਦੀ ਹੜਤਾਲ ਕਾਰਨ ਸਮੁੱਚਾ ਕੰਮਕਾਜ ਠੱਪ ਪਿਆ ਹੈ ਪਰੰਤੂ ਪੰਜਾਬ ਸਰਕਾਰ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ 8 ਸਤੰਬਰ ਦੀ ਪਟਿਆਲਾ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਲਈ ਭਾਰੀ ਉਤਸ਼ਾਹ ਹੈ ਅਤੇ ਇਹ ਰੈਲੀ ਲਾਮਿਸਾਲ ਹੋਵੇਗੀ। ਸੂਬਾ ਆਗੂ ਕਰਮਜੀਤ ਸਿੰਘ ਬੀਹਲਾ, ਗੁਰਦੀਪ ਸਿੰਘ ਰੰਧਾਵਾ ਅਤੇ ਤੇਜਪਾਲ ਸਿੰਘ ਬਰਨਾਲਾ ਨੇ ਕਿਹਾ ਕਿ ਛੇਵੇਂ ਤਨਖਾਹ ਕਮਿਸ਼ਨ ਵਿਚ ਖੋਹੇ ਸਕੇਲ ਅਤੇ ਭੱਤੇ ਬਹਾਲ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਫੀਲਡ ਵਿਚ ਜਾਣ ਲਈ ਪੈਟਰੈਲ ਦਿੱਤਾ ਜਾਵੇ ਅਤੇ ਜੇਈ/ਏਈ ਦਾ ਪਦਉਨਤੀ ਕੋਟਾ 50 ਫੀਸਦੀ ਤੋਂ ਵਧਾ ਕੇ 75 ਫੀਸਦੀ ਕੀਤਾ ਜਾਵੇ। ਇਸ ਮੌਕੇ ਐਸੋਸੀਏਸ਼ਨ ਆਗੂ ਜੋਗਿੰਦਰ ਸਿੰਘ ਬਡਰੁੱਖਾਂ, ਤਲਵਿੰਦਰ ਸਿੰਘ ਮਲੇਰਕੋਟਲਾ, ਸਿਧਾਰਥ ਸਿੰਘ, ਕੁਲਵਿੰਦਰ ਕੁਮਾਰ, ਬਲਵਿੰਦਰ ਸਿੰਘ ਬਰਨਾਲਾ ਆਦਿ ਨੇ ਵੀ ਸੰਬੋਧਨ ਕੀਤਾ।