ਪਵਨ ਕੁਮਾਰ ਵਰਮਾ
ਧੂਰੀ, 5 ਮਾਰਚ
ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਯੂਕਰੇਨ ਵਿੱਚ ਫਸੇ ਹੋਏ ਜ਼ਿਲ੍ਹਾ ਸੰਗਰੂਰ ਦੇ ਵਿਦਿਆਰਥੀਆਂ ਸਮੇਤ ਹੋਰ ਨਾਗਰਿਕਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀਂ ਜਾਰੀ ਕੀਤੇ ਹੈਲਪਲਾਈਨ ਨੰਬਰ ਅਤੇ ਈ-ਮੇਲ ਆਈਡੀ ਉੱਤੇ ਹੁਣ ਤੱਕ 8 ਵਿਦਿਆਰਥੀਆਂ ਬਾਰੇ ਸੂਚਨਾ ਪ੍ਰਾਪਤ ਹੋ ਚੁੱਕੀ ਹੈ ਅਤੇ ਜਿਨ੍ਹਾਂ ਦੇ ਪਰਿਵਾਰਾਂ ਨਾਲ ਪ੍ਰਸ਼ਾਸਨ ਵੱਲੋਂ ਤਾਲਮੇਲ ਕੀਤਾ ਜਾ ਗਿਆ ਹੈ।
ਨੇੜਲੇ ਪਿੰਡ ਰਣੀਕੇ ਦੇ ਰੋਹਿਤ ਕੁਮਾਰ ਸ਼ਰਮਾ ਦੇ ਵੀ ਯੂਕਰੇਨ ’ਚ ਫਸੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਤਹਿਸੀਲਦਾਰ ਧੂਰੀ ਜਿਨਸੂੰ ਬਾਂਸਲ ਨੇ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਦੇ ਨਿਰਦੇਸ਼ਾਂ ਮੁਤਾਬਿਕ ਵਿਦਿਆਰਥੀ ਰੋਹਿਤ ਸ਼ਰਮਾ ਦੇ ਮਾਪਿਆਂ ਨਾਲ ਰਾਬਤਾ ਕਾਇਮ ਕੀਤਾ ਹੈ ਅਤੇ ਦੱਸਿਆ ਕਿ ਇਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਰਾਜ ਸਰਕਾਰ ਰਾਹੀਂ ਕੇਂਦਰ ਸਰਕਾਰ ਨਾਲ ਇਨ੍ਹਾਂ ਦੇ ਵੇਰਵੇ ਸਾਂਝੇ ਕੀਤੇ ਜਾ ਰਹੇ ਹਨ।
ਸੰਪਰਕ ਕਰਨ ’ਤੇ ਤਹਿਸੀਲਦਾਰ ਧੂਰੀ ਜਿਨਸੂੰ ਬਾਂਸਲ ਨੇ ਦੱਸਿਆ ਕਿ ਰੋਹਿਤ ਕੁਮਾਰ ਸੁਰੱਖਿਅਤ ਹੈ ਜਿਸ ਨਾਲ ਸਮੇਂ ਸਮੇ ’ਤੇ ਗੱਲ ਹੋ ਰਹੀ ਹੈ ਅਤੇ ਉਹ ਪੋਲੈਂਡ ਪਹੁੰਚ ਚੁੱਕਿਆ ਹੈ।