ਪੱਤਰ ਪ੍ਰੇਰਕ
ਭਵਾਨੀਗੜ੍ਹ, 29 ਨਵੰਬਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ਵਿੱਚ 416ਵੇਂ ਦਿਨ ਧਰਨੇ ਵਿੱਚ ਕਿਸਾਨ ਔਰਤਾਂ ਨੇ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਯੂਨੀਅਨ ਦੀ ਵਿਦਿਆਰਥਣ ਆਗੂ ਨਵਜੋਤ ਕੌਰ ਚੰਨੋਂ, ਜਸਵਿੰਦਰ ਕੌਰ ਕਾਲਝਾੜ, ਭਿੰਡਰ ਕੌਰ ਘਰਾਚੋਂ, ਮਹਿੰਦਰ ਕੌਰ ਰਾਜਪੁਰਾ ਅਤੇ ਹਰਜਿੰਦਰ ਕੌਰ ਰਾਜਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਦ੍ਰਿੜ ਸੰਘਰਸ਼ ਅੱਗੇ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਕਿਸਾਨੀ ਮੰਗਾਂ ਪੂਰੀਆਂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਟੌਲ ਪਲਾਜ਼ਾ ਮਾਝੀ ਵਿੱਚ ਧਰਨਾ ਜਾਰੀ ਰੱਖਿਆ ਗਿਆ। -ਪੱਤਰ ਪ੍ਰੇਰਕ
ਕਿਸਾਨਾਂ ਦੇ ਹੌਸਲੇ ਬੁਲੰਦ
ਧੂਰੀ(ਖੇਤਰੀ ਪ੍ਰਤੀਨਿਧ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਨੇੜਲੇ ਪਿੰਡ ਲੱਡਾ ਕੋਲ ਟੌਲ ਪਲਾਜ਼ਾ ਕੋਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਪੱਕਾ ਧਰਨਾ ਰਾਮ ਸਿੰਘ ਕੱਕੜਵਾਲ ਦੀ ਅਗਵਾਈ ਹੇਠ 422ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਕਿਹਾ ਇੱਕ ਸਾਲ ਬਾਅਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਤੇ ਮੰਗਾਂ ਦੀ ਪੂਰਤੀ ਤੱਕ ਕਿਸਾਨ ਸੰਘਰਸ਼ ’ਤੇ ਡਟੇ ਰਹਿਣਗੇ।
‘ਲੋਕ ਮਾਰੂ ਨੀਤੀਆਂ ਲਿਆਉਣ ਵਾਲੀ ਸਰਕਾਰ ਤੋਂ ਸੁਚੇਤ ਰਹਿਣ ਦੀ ਲੋੜ’ ਲਹਿਰਾਗਾਗਾ(ਰਮੇਸ਼ ਭਾਰਦਵਾਜ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਲਹਿਲ ਖੁਰਦ ਪਿੰਡ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਕਾਲੇ ਖੇਤੀਬਾੜੀ ਵਿਰੋਧੀ ਕਾਨੂੰਨਾਂ ਖਿਲਾਫ਼ ਪੱਕਾ ਮੋਰਚਾ ਕਾਨੂੰਨ ਵਾਪਸ ਲੈਣ ਦੇ ਬਾਵਜੂਦ ਅੱਜ 424 ਵੇਂ ਦਿਨ ਭਾਰੀ ਗਿਣਤੀ ’ਚ ਕਿਸਾਨਾਂ ਤੇ ਔਰਤਾਂ ਦੀ ਹਾਜ਼ਰੀ ’ਚ ਜਾਰੀ ਰਿਹਾ। ਅੱਜ ਧਰਨੇ ਨੂੰ ਦਰਸ਼ਨ ਸਿੰਘ ਚੰਗਾਲੀਵਾਲਾ ਜ਼ਲ੍ਹਿਾ ਆਗੂ, ਕਰਨੈਲ ਸਿੰਘ ਗਨੋਟਾ,ਰਾਮ ਸਿੰਘ ਨੰਗਲਾ,ਰਾਮ ਸਿੰਘ ਢੀਂਡਸਾ, ਹਰਜਿੰਦਰ ਸਿੰਘ ਨੰਗਲਾ, ਬਿੰਦਰ ਸਿੰਘ ਖੋਖਰ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਹਰਸੇਵਕ ਸਿੰਘ ਲਹਿਲ ਖੁਰਦ, ਜਗਦੀਪ ਸਿੰਘ ਲਹਿਲ ਖੁਰਦ, ਬਲਕਾਰ ਸਿੰਘ ਬਖੋਰਾ ਖ਼ੁਰਦ, ਪ੍ਰੀਤਮ ਸਿੰਘ ਲਹਿਲ ਕਲਾਂ , ਬੰਟੀ ਢੀਂਡਸਾ, ਕਰਮਜੀਤ ਕੌਰ ਭੁਟਾਲ ਕਲਾਂ ਜਸਵੀਰ ਕੌਰ ਲਹਿਲ ਕਲਾਂ , ਮਹਿੰਦਰ ਕੌਰ ਗਾਗਾ ਨੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ੱਕ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਬਿਲ ਪਾਸ ਹੋ ਗਿਆ ਹੈ ਪਰ ਸਾਨੂੰ ਅੱਗੇ ਤੋਂ ਅਜਿਹੀ ਲੋਕ ਮਾਰੂ ਨੀਤੀਆਂ ਲਿਆਉਣ ਵਾਲੀ ਸਰਕਾਰ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਲੋਕ ਘੋਲ ਨੇ ਪਰਦੇ ਪਿੱਛੇ ਲੁਕੇ ਨੀਤੀਆਂ ਘਾੜੇ ਸਾਮਰਾਜੀਆਂ, ਕਾਰਪੋਰੇਟ ਘਰਾਣਿਆਂ ਨੂੰ ਆਮ ਲੋਕਾਂ ਸਾਹਮਣੇ ਪ੍ਰਤੱਖ ਕੀਤਾ ਹੈ।