ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 16 ਜੁਲਾਈ
ਰੇਲਵੇ ਰਸਤੇ ’ਚ ਬਣੇ ਅੰਡਰਬ੍ਰਿੱਜ ਵਿੱਚ ਪਾਣੀ ਭਰਨ ਤੋਂ ਅੱਕੇ ਇਲਾਕਾ ਵਾਸੀਆਂ ਨੇ ਨੇੜਲੇ ਪਿੰਡ ਮਤੋਈ ਵਿੱਚ ਕਿਸਾਨ ਆਗੂ ਰਾਜਿੰਦਰ ਸਿੰਘ ਭੋਗੀਵਾਲ, ਆਗੂ ਜਸ਼ਨ ਬੈਨੀਪਾਲ ਅਤੇ ਜਗਦੇਵ ਸਿੰਘ ਮਤੋਈ ਦੀ ਅਗਵਾਈ ’ਚ ਪ੍ਰਸ਼ਾਸਨ ਅਤੇ ਠੇਕੇਦਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਆਗੂਆਂ ਆਖਿਆ ਕਿ ਮੀਂਹ ਦਾ ਪਾਣੀ ਭਰਨ ਤੇ ਰਾਸਤੇ ਦੇ ਦੂਜੇ ਹਿੱਸੇ ਦਾ ਕੰਮ ਚੱਲਦਾ ਹੋਣ ਕਾਰਨ ਲਗਪਗ ਇੱਕ ਦਰਜਨ ਪਿੰਡਾਂ ਦਾ ਸੰਪਰਕ ਲੁਧਿਆਣਾ-ਮਾਲੇਰਕੋਟਲਾ ਮੁੱਖ ਸੜਕ ਤੋਂ ਇਲਾਵਾ ਹੋਰਨਾਂ ਪਿੰਡਾਂ ਨਾਲੋਂ ਟੁੱਟ ਜਾਂਦਾ ਹੈ। ਇਲਾਕਾ ਵਾਸੀਆਂ ਨੇ ਆਖਿਆ ਕਿ ਪਿਛਲੇ ਲੱਗਭੱਗ ਤਿੰਨ ਸਾਲਾਂ ਤੋਂ ਰਾਹ ਬਣਾਉਣ ਦਾ ਕੰਮ ਚੱਲ ਰਿਹਾ ਹੈ। ਜਦ ਵੀ ਮੀਂਹ ਦਾ ਸਮਾਂ ਆਉਂਦਾ ਹੈ ਤਾਂ ਇਲਾਕਾ ਵਾਸੀਆਂ ਲਈ ਮੁਸੀਬਤ ਬਣ ਜਾਂਦੀ ਹੈ। ਰੋਜ਼ਮਰਾ ਦੇ ਕੰਮਾਂ ਲਈ ਕਿਸਾਨਾਂ ਨੂੰ ਖੇਤਾਂ ਵਿੱਚ ਜਾਣ ਲਈ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ ਅਤੇ ਰਾਹਗੀਰਾਂ ਨੂੰ ਰਸਤੇ ਬਦਲ ਕੇ ਮੁੱਖ ਸੜਕ ਤੱਕ ਪਹੁੰਚਣਾ ਪੈਂਦਾ ਹੈ।
ਇਲਾਕਾ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਤੇ ਠੇਕੇਦਾਰ ਵੱਲੋਂ ਜਲਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਆਉਂਦੇ ਦਿਨਾਂ ਨੂੰ ਰੇਲਵੇ ਲਾਈਨ ’ਤੇ ਧਰਨਾ ਮਾਰ ਕੇ ਰੇਲਾਂ ਨੂੰ ਰੋਕ ਦੇਣਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਸਬੰਧੀ ਠੇਕੇਦਾਰ ਫਕੀਰ ਚੰਦ ਦਾ ਕਹਿਣਾ ਸੀ ਕਿ ਉਸ ਵੱਲੋਂ ਮੋਟਰ, ਟੈਂਕੀਆਂ ਲਾ ਕੇ ਪਾਣੀ ਕੱਢਿਆ ਜਾ ਚੁੱਕਿਆ ਹੈ ਅਤੇ ਲਾਂਘੇ ਦਾ ਮੁੱਢਲਾ ਕੰਮ ਨਬਿੇੜ ਦਿੱਤਾ ਹੈ, ਬਾਕੀ ਵੀ ਜਲਦੀ ਖਤਮ ਕਰ ਦਿੱਤਾ ਜਾਵੇਗਾ।
ਇਸ ਮੌਕੇ ਸੁੱਖ ਬੈਨੀਪਾਲ, ਜਸਵਿੰਦਰ ਸਿੰਘ ਰੋਹਣੋਂ, ਕਾਲਾ ਬੈਨੀਪਾਲ, ਨੰਬਰਦਾਰ ਮਲਕੀਤ ਸਿੰਘ, ਅਮਰਜੀਤ ਸਿੰਘ ਰੋਹਣੋਂ, ਗੁਰਮੇਲ ਸਿੰਘ ਰੋਹਣੋਂ, ਬਰਿੰਦਰ ਸਿੰਘ ਸਰਪੰਚ, ਦਰਸ਼ਨ ਸਿੰਘ ਪੰਚ, ਜਰਨੈਲ ਸਿੰਘ ਨੰਬਰਦਾਰ, ਟਹਿਲ ਸਿੰਘ ਪੰਚ, ਅਮਰੀਕ ਸਿੰਘ, ਗੁਲਜ਼ਾਰ ਸਿੰਘ, ਜਗਰੂਪ ਸਿੰਘ, ਕਰਨੈਲ ਸਿੰਘ, ਜਸਬੀਰ ਸਿੰਘ ਅਤੇ ਬਲਜੀਤ ਸਿੰਘ ਹਾਜ਼ਰ ਸਨ।