ਪੱਤਰ ਪ੍ਰੇਰਕ
ਧੂਰੀ, 22 ਮਈ
ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਜਦੋਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਰਾਜਨੀਤੀ ਦਾ ਵਪਾਰੀਕਰਨ ਕਰ ਰਹੀਆਂ ਸਨ ਤਾਂ ਨਵੀਂ ਤੇ ਬਦਲਾਅ ਦੀ ਸੋਚ ਨਾਲ ਸਿਆਸੀ ਮੈਦਾਨ ’ਚ ਉੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰੋੜਾਂ ਰੁਪਏ ਨੂੰ ਠੋਕਰ ਮਾਰ ਕੇ ਪੰਜਾਬ ਅੰਦਰ 14 ਟੌਲ ਪਲਾਜ਼ੇ ਬੰਦ ਕਰਨ ਦਾ ਲੋਕ-ਪੱਖੀ ਫੈਸਲਾ ਲੈਣ ਨੂੰ ਤਰਜੀਹ ਦਿੱਤੀ। ‘ਆਪ’ ਉਮੀਦਵਾਰ ਮੀਤ ਹੇਅਰ ਅੱਜ ਧੂਰੀ ਪਿੰਡ ਤੋਂ ਸ਼ੁਰੂ ਹੋਏ ਰੋਡ ਸ਼ੋਅ ਦੌਰਾਨ ਪਿੰਡ ਧੂਰੀ, ਧੂਰਾ, ਭੋਜੋਵਾਲੀ, ਪਲਾਸੌਰ, ਭਲਵਾਨ, ਭੁੱਲਰਹੇੜੀ, ਕੌਲਸੇੜੀ, ਜੱਖਲਾਂ, ਮੀਮਸਾ ਸਮੇਤ 15 ਪਿੰਡਾਂ ਵਿੱਚ ਜਨਤਕ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਿਛਲੀਆਂ ਰਵਾਇਤੀ ਪਾਰਟੀਆਂ ਮਿਆਦ ਲੰਘਣ ਦੇ ਬਾਵਜੂਦ ਟੌਲ ਪਲਾਜ਼ਿਆਂ ਦੀ ਮਿਆਦ ਵਧਾਕੇ ਚੁੱਪ-ਚੁਪੀਤੇ ਮੋਟੀਆਂ ਕਮਾਈਆਂ ਕਰਦੇ ਰਹੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਤਿਆਗ ਵਿਖਾਕੇ ਈਮਾਨਦਾਰੀ ਦਾ ਪੱਲਾ ਨਹੀਂ ਛੱਡਿਆ। ਇਸ ਤੋਂ ਪਹਿਲਾਂ ਇੱਕ ਪੈਲੇਸ ਵਿੱਚ ਮੈਡੀਕਲ ਪ੍ਰੈਕਟਿਸ਼ਨਰਜ਼ ਦੀ ਮੈਂਬਰ ਵਕਫ਼ ਬੋਰਡ ਡਾ. ਅਨਵਰ ਭਸੌੜ ਦੀ ਅਗਵਾਈ ਹੇਠ ਹੋਈ ਰੈਲੀ ’ਚ ਸ਼ਾਮਲ ਵੱਡੀ ਗਿਣਤੀ ਪੇਂਡੂ ਡਾਕਟਰਾਂ ਨੇ ‘ਮੀਤ ਹੇਅਰ’ ਨੂੰ ਸਰਗਰਮ ਸਮਰਥਨ ਦਾ ਐਲਾਨ ਕੀਤਾ। ਉਮੀਦਵਾਰ ਮੀਤ ਹੇਅਰ ਨੇ ਚੋਣਾਂ ਮਗਰੋਂ ਪੇਂਡੂ ਡਾਕਟਰਾਂ ਨੂੰ ਰਾਹਤ ਦੇਣ ਲਈ ਤਾਮਿਲਨਾਡੂ ਮਾਡਲ ਨੂੰ ਵਾਚਕੇ ਪੰਜਾਬ ’ਚ ਲਾਗੂ ਕਰਨ ਦਾ ਭਰੋਸਾ ਦਿੱਤਾ। ਅੱਜ ਦੇ ਚੋਣ ਕਾਫ਼ਲੇ ’ਚ ਮੁੱਖ ਮੰਤਰੀ ਦੇ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ, ਜਸਵੀਰ ਸਿੰਘ ਜੱਸੀ ਸੇਖੋਂ ਤੇ ਗੁਰਤੇਜ ਸਿੰਘ ਤੇਜੀ ਆਦਿ ਹਾਜ਼ਰ ਸਨ।