ਨਿਜੀ ਪੱਤਰ ਪ੍ਰੇਰਕ
ਸੰਗਰੂਰ, 21 ਫਰਵਰੀ
ਕੁਲ ਹਿੰਦ ਸਿੱਖਿਆ ਅਧਿਕਾਰ ਮੰਚ ਸੰਗਰੂਰ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕਰਕੇ ਇੱਥੇ ਡੀ.ਸੀ. ਦਫ਼ਤਰ ਅੱਗੇ ਨਵੀਂ ਸਿੱਖਿਆ ਨੀਤੀ 2020 ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੰਜਾਬ ਸਟੂਡੈਂਟਸ ਦੇ ਆਗੂ ਸੁਖਦੀਪ ਹਥਨ, ਪੰਜਾਬ ਸਟੂਡੈਂਟਸ ਯੂਨੀਅਨ ‘ਲਲਕਾਰ’ ਦੇ ਆਗੂ ਗੁਰਪ੍ਰੀਤ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਮਨਜੀਤ ਨਮੋਲ ਤੇ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਦੇ ਮਾਰੂ ਪ੍ਰਭਾਵਾਂ ਸਬੰਧੀ ਵਿਦਿਆਰਥੀਆਂ ਅਤੇ ਅਧਿਆਪਕਾਂ ਤੇ ਸਮੁੱਚੇ ਕਿਰਤੀ ਵਰਗ ਨੂੰ ਜਾਗਰੂਕ ਕਰਨ ਦੀ ਸਖਤ ਜ਼ਰੂਰਤ ਹੈ ਕਿਉਂਕਿ ਇਸ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਤੇ ਇੱਕ ਵੱਡਾ ਆਰਥਿਕ ਬੋਝ ਪੈ ਜਾਵੇਗਾ। ਇਸ ਹਮਲੇ ਦਾ ਕੇਂਦਰ ਸਰਕਾਰ ਨੂੰ ਦੇਸ਼ਿਵਆਪੀ ਢੁਕਵਾਂ ਜਵਾਬ ਦੇਣ ਦੀ ਲੋੜ ਹੈ।
ਜਮਹੂਰੀ ਅਧਿਕਾਰ ਅਧਿਆਪਕ ਸਭਾ ਦੇ ਉਪ ਸਕੱਤਰ ਕੁਲਵਿੰਦਰ ਬੰਟੀ ਨੇ ਇਸ ਸਿੱਖਿਆ ਦੇ ਲੋਕ ਮਾਰੂ ਪ੍ਰਭਾਵਾਂ ਸਬੰਧੀ ਦੱਸਦਿਆਂ ਕਿਹਾ ਕਿ ਸਿੱਖਿਆ ਹਰ ਇਨਸਾਨ ਦੀ ਬੁਨਿਆਦੀ ਜ਼ਰੂਰਤ ਹੈ, ਆਮ ਲੋਕਾਂ ਨੂੰ ਸਿੱਖਿਆ ਤੋਂ ਵਾਂਝੇ ਰੱਖਣਾ ਗੈਰ ਮਨੁੱਖੀ ਕਾਰਾ ਹੈ। ਡੀਟੀਐਫ ਵੱਲੋਂ ਦਾਤਾ ਨਮੋਲ ਨੇ ਆਖਿਆ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਵਾਂਗ ਇਹ ਸਿੱਖਿਆ ਨੀਤੀ 2020 ਇੱਕ ਕਾਲਾ ਕਾਨੂੰਨ ਹੀ ਇਸ ਨੂੰ ਵਾਪਸ ਕਰਵਾਉਣ ਲਈ ਉਸ ਤਰ੍ਹਾਂ ਦਾ ਹੀ ਦੇਸ਼ਿਵਆਪੀ ਸ਼ੰਘਰਸ਼ ਕਰਨ ਦੀ ਜਰੂਰਤ ਹੈ।
ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਵੱਲੋਂ ਕੁਲਦੀਪ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਬਿਮਲਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਰਮਨ ਕਾਲਾਝਾੜ, ਜਮਹੂਰੀ ਅਧਿਕਾਰ ਵੱਲੋਂ ਪ੍ਰਧਾਨ ਸਵਰਨਜੀਤ, ਭਜਨ ਰੰਗੀਆਂ, ਬਸੇਸਰ ਰਾਮ, ਤਰਕਸ਼ੀਲ ਸੁਸਾਇਟੀ ਦੇ ਆਗੂ ਮਾਸਟਰ ਪਰਮ ਵੇਦ, ਡੀਟੀਐੱਫ਼ ਦੇ ਆਗੂ ਜਗਸੀਰ ਸਿੰਘ ਨਮੋਲ ਵੀ ਸ਼ਾਮਲ ਹੋਏ। ਸਟੇਜ ਸਕੱਤਰ ਦੀ ਭੂਮਿਕਾ ਡੀਟੀਐੱਫ ਦੇ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਨਿਭਾਈ।