ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਜੂਨ
ਭਲਕੇ ਚੋਣਾਂ ਵਾਲੇ ਦਿਨ ਲੋਕ ਸਭਾ ਹਲਕਾ ਸੰਗਰੂਰ ਦੇ ਕਿਸੇ ਵੀ ਪੋਲਿੰਗ ਬੂਥ ਦੇ 200 ਮੀਟਰ ਦੇ ਦਾਇਰੇ ਅੰਦਰ ਪ੍ਰਾਈਵੇਟ ਵਾਹਨਾਂ ਦੇ ਦਾਖਲੇ ’ਤੇ ਪੂਰਨ ਪਾਬੰਦੀ ਰਹੇਗੀ ਅਤੇ ਪੋਲਿੰਗ ਬੂਥ ਦੇ 100 ਮੀਟਰ ਦੇ ਦਾਇਰੇ ਅੰਦਰ ਕੋਈ ਵੀ ਰਾਜਸੀ ਪਾਰਟੀ ਜਾਂ ਉਮੀਦਵਾਰ ਜਾਂ ਕੋਈ ਵਰਕਰ ਕਿਸੇ ਵੀ ਤਰ੍ਹਾਂ ਦੀ ਚੋਣ ਸਮੱਗਰੀ ਜਿਵੇਂ ਪੋਸਟਰ, ਬੈਨਰ, ਝੰਡੇ, ਸੰਕੇਤ ਆਦਿ ਨਹੀਂ ਲਗਾ ਸਕੇਗਾ। ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਨੇ ਦਿੱਤੀ। ਉਨ੍ਹਾਂ ਕਿਹਾ ਕਿ ਰਾਜਸੀ ਪਾਰਟੀਆਂ ਵੱਲੋਂ ਲਗਾਏ ਜਾਣ ਵਾਲੇ ਆਰਜ਼ੀ ਬੂਥ ਵੀ ਪੋਲਿੰਗ ਸਟੇਸ਼ਨ ਤੋਂ 200 ਮੀਟਰ ਦੀ ਦੂਰੀ ’ਤੇ ਹੀ ਲਗਾਏ ਜਾ ਸਕਣਗੇ।
ਉਨ੍ਹਾਂ ਕਿਹਾ ਕਿ ਉਪ ਚੋਣ ਵਿੱਚ ਦਿਵਿਆਂਗ ਵੋਟਰਾਂ ਦੀ ਸੌ ਫੀਸਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਸਮੂਹ ਪੋਲਿੰਗ ਸਟੇਸ਼ਨਾਂ ’ਤੇ ਵਿਸ਼ੇਸ਼ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ ਅਤੇ ਨਿਰੰਤਰ ਨਿਗਰਾਨੀ ਲਈ ਵਾਲੰਟੀਅਰਾਂ ਦੀ ਤਾਇਨਾਤੀ ਕੀਤੀ ਗਈ ਹੈ। ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਤੇ ਪੁਲੀਸ ਅਧਿਕਾਰੀਆਂ ’ਤੇ ਆਧਾਰਿਤ ਟੀਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਹਲਕੇ ਦੇ ਹੋਟਲਾਂ, ਰੈਸਟੋਰੈਂਟਾਂ, ਗੈਸਟ ਹਾਊਸ, ਧਰਮਸ਼ਾਲਾਵਾਂ ਆਦਿ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਇਨ੍ਹਾਂ ਥਾਵਾਂ ’ਤੇ ਰੁਕਣ ਵਾਲਿਆਂ ਦੇ ਸ਼ਨਾਖਤੀ ਸਬੂਤਾਂ ਦੀ ਵੀ ਜਾਂਚ ਕੀਤੀ ਜਾਵੇ। ਰਿਟਰਨਿੰਗ ਅਫ਼ਸਰ ਨੇ ਹਦਾਇਤ ਕੀਤੀ ਕਿ 22 ਜੂਨ ਅਤੇ 23 ਜੂਨ ਦੇ ਦਿਨਾਂ ਦੌਰਾਨ ਵਧੇਰੇ ਚੌਕਸੀ ਵਰਤਣ ਦੀ ਲੋੜ ਹੈ।