ਰਾਜਿੰਦਰ ਜੈਦਕਾ
ਅਮਰਗੜ੍ਹ, 28 ਸਤੰਬਰ
ਪਿੰਡ ਝੂੰਦਾਂ ਵਾਸੀਆਂ ਨੇ ਟੈਂਕੀ ’ਤੇ ਚਿੱਪ ਵਾਲਾ ਮੀਟਰ ਲਗਾਉਣ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਤੇ ਬਿਜਲੀ ਮਹਿਕਮੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਝੂੰਦਾਂ ਇਕਾਈ ਦੇ ਪ੍ਰਧਾਨ ਰਾਜਿੰਦਰ ਸਿੰਘ ਘੁੰਮਣ, ਜਸਵੀਰ ਸਿੰਘ, ਬਲਰਾਜ ਸਿੰਘ, ਸਰਬਜੀਤ ਸਿੰਘ ਬਿੱਟੂ, ਸੁਖਬੀਰ ਸਿੰਘ ਸੁੱਖੀ ਤੇ ਸੁਖਬੀਰ ਸਿੰਘ ਸੀਰਾ ਆਦਿ ਨੇ ਕਿਹਾ ਕਿ ਬੀਤੀ ਰਾਤ ਬਿਜਲੀ ਅਧਿਆਕਾਰੀਆਂ ਨੇ ਪਾਣੀ ਦੀ ਟੈਂਕੀ ਦੇ ਖੰਭੇ ’ਤੇ ਚਿੱਪ ਵਾਲਾ ਮੀਟਰ ਲਗਾ ਦਿੱਤਾ। ਪਤਾ ਲੱਗਣ ’ਤੇ ਪਿੰਡ ਵਾਸੀ ਪਾਣੀ ਦੀ ਟੈਂਕੀ ਕੋਲ ਇਕੱਠੇ ਹੋ ਗਏ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਪਿੰਡ ਦੇ ਲੋਕਾਂ ਤੇ ਔਰਤਾਂ ਨੇ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਅਧਿਕਾਰੀ ਪਿੰਡ ਵਿੱਚ ਚਿੱਪ ਵਾਲਾ ਮੀਟਰ ਲਗਾਉਣ ਆਏ ਤਾਂ ਉਨ੍ਹਾਂ ਨੂੰ ਬੰਦੀ ਬਣਾ ਕੇ ਵਿਰੋਧ ਕੀਤਾ ਜਾਵੇਗਾ।
ਪਿੰਡ ਵਾਸੀਆਂ ਨੇ ਕਿਹਾ ਕਿ ਇਨ੍ਹਾਂ ਮੀਟਰਾਂ ਨਾਲ ਉਨ੍ਹਾਂ ਦੇ ਬਿੱਲ ਵਾਧੂ ਆਉਣਗੇ। ਇਕੱਠੇ ਹੋ ਕੇ ਮਤਾ ਪਾ ਕੇ ਐੱਸਡੀਓ ਨੂੰ ਦਿੱਤਾ ਕਿ ਪਿੰਡ ਵਿੱਚ ਜੋ ਵੀ ਪੁਰਾਣੇ ਮੀਟਰ ਬਦਲ ਕੇ ਨਵੇਂ ਚਿੱਪ ਵਾਲੇ ਮੀਟਰ ਲਗਾਏ ਗਏ ਹਨ, ਉਨ੍ਹਾਂ ਨੂੰ ਤੁਰੰਤ ਉਤਾਰ ਲਿਆ ਜਾਵੇ।
ਇਸ ਸਬੰਧੀ ਐੱਸਡੀਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਝੂੰਦਾਂ ਦੇ ਲੋਕਾਂ ਵੱਲੋਂ ਇਕ ਮਤਾ ਦਿੱਤਾ ਗਿਆ ਹੈ। ਇਹ ਮਤਾ ਅਗਲੇਰੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ।