ਮੁਕੰਦ ਸਿੰਘ ਚੀਮਾ
ਸੰਦੌੜ, 5 ਅਕਤੂਬਰ
ਕਸਬਾ ਸੰਦੌੜ ਦੇ ਲੋਕ ਪਿਛਲੇ 40 ਦਿਨਾਂ ਤੋਂ ਪੀਣ ਵਾਲਾ ਪਾਣੀ ਉਡੀਕ ਰਹੇ ਹਨ। ਸੰਦੌੜ ਦੀ ਪਾਣੀ ਵਾਲੀ ਟੈਂਕੀ ਵਿਚ ਬਣੇ ਬੋਰ ਨੂੰ ਖਰਾਬ ਹੋਏ ਨੂੰ ਡੇਢ ਮਹੀਨੇ ਤੋਂ ਵੱਧ ਹੋ ਚੁੱਕੇ ਹਨ। ਉਸੇ ਦਿਨ ਤੋਂ ਲੋਕਾਂ ਦੇ ਘਰਾਂ ਵਿਚ ਇਕ ਵੀ ਬੂੰਦ ਪਾਣੀ ਨਹੀਂ ਪੁੱਜਿਆ। ਲੋਕ ਆਂਢ ਗੁਆਂਢ ਦੇ ਘਰਾਂ ਤੋਂ ਪਾਣੀ ਢੋਅ ਢੋਅ ਥੱਕ ਚੁੱਕੇ ਹਨ। ਕਾਬਲੇਗੌਰ ਹੈ ਕਿ ਛੇ ਹਫਤੇ ਪਹਿਲਾਂ ਸੰਦੌੜ ਵਿਖੇ ਪਾਣੀ ਵਾਲੀ ਟੈਂਕੀ ਉਪਰ ਚਲਦਾ ਬੋਰ ਖਰਾਬ ਹੋ ਗਿਆ ਸੀ। ਉਸੇ ਦਿਨ ਹੀ ਪੰਚਾਇਤ ਨੇ ਵਿਭਾਗ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਸੀ। ਵਿਭਾਗ ਦਾ ਕਹਿਣਾ ਹੈ ਕਿ ਨਵੇਂ ਬੋਰ ਲਈ ਪਾਣੀ ਦਾ ਸੈਂਪਲ ਲੈਬਾਰਟਰੀ ਨੂੰ ਭੇਜ ਚੁੁੱਕੇ ਹਨ। 4 ਹਜ਼ਾਰ ਦੀ ਅਬਾਦੀ ਵਾਲੇ ਕਸਬਾ ਸੰਦੌੜ ਅੰਦਰ 450 ਦੇ ਕਰੀਬ ਪਾਣੀ ਦੇ ਕੁਨੈਕਸ਼ਨ ਚੱਲ ਰਹੇ ਹਨ। ਪਿੰਡ ਸੰਦੌੜ ਦੇ ਕਾਰਜਕਾਰੀ ਸਰਪੰਚ ਚਮਕੌਰ ਸਿੰਘ ਕੌਰਾ ਨੇ ਕਿਹਾ ਕਿ ਆਮ ਲੋਕ ਅਤੇ ਦੁਕਾਨਦਾਰ ਪਾਣੀ ਦੀ ਬੰਦ ਪਈ ਸਪਲਾਈ ਕਾਰਨ ਬੇਹੱਦ ਔਖੇ ਹਨ ਅਤੇ ਜਿਸ ਦਿਨ ਬੋਰ ਖਰਾਬ ਹੋਇਆ ਸੀ ਪੰਚਾਇਤ ਨੇ ਤੁਰੰਤ ਮਹਿਕਮੇ ਨੂੰ ਸੂਚਿਤ ਕਰ ਦਿੱਤਾ ਸੀ।
ਇਕ ਹਫ਼ਤੇ ’ਚ ਪਾਣੀ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ: ਐੱਸਡੀਓ
ਇਸ ਸਬੰਧੀ ਸਬੰਧਿਤ ਮਹਿਕਮੇ ਦੇ ਐੱਸਡੀਓ ਹਨੀ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਵਾਂ ਬੋਰ ਕਰਵਾ ਦਿੱਤਾ ਹੈ। ਅਜੇ ਕੰਪ੍ਰੈਸਰ ਲੱਗਣਾ ਬਾਕੀ ਹੈ। ਇਸ ਤੋਂ ਬਾਅਦ ਨਵਾਂ ਪਾਣੀ ਚੈਕਿੰਗ ਲੈਬਾਰਟਰੀ ਵਿਚ ਭੇਜਿਆ ਜਾਵੇਗਾ। ਇਕ ਹਫਤੇ ਵਿਚ ਨਵਾਂ ਬੋਰ ਚਾਲੂ ਕਰ ਦਿੱਤਾ ਜਾਵੇਗਾ।