ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 8 ਜਨਵਰੀ
ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸਹੂਲਤ ਲਈ ਪਿੰਡ ਬ੍ਰਹਮਪੁਰ ਦੇ ਵਸਨੀਕਾਂ ਨੇ ਪਿੰਡ ਦੇ ਪਰਵਾਸੀ ਪੰਜਾਬੀਆਂ ਦੀ ਮਦਦ ਨਾਲ ਟਿਕਰੀ ਬਾਰਡਰ ’ਤੇ ਪਖਾਨੇ ਅਤੇ ਗੁਸਲਖਾਨੇ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਜਦੋਂ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨ ਬਲਵਿੰਦਰ ਸਿੰਘ ਬਿੱਲੂ ਤੇ ਮਿਸਤਰੀ ਅਵਤਾਰ ਸਿੰਘ ਦੀ ਅਗਵਾਈ ਵਾਲੇ ਵਾਲੰਟੀਅਰ ਮੌਕੇ ’ਤੇ ਜਾ ਕੇ ਪਹਿਲੇ ਦਸ ਕੌਂਬੋ ਸੈੱਟ ਤਿਆਰ ਕਰਨ ਵਿੱਚ ਮਸ਼ਰੂਫ਼ ਹਨ। ਐੱਨਐੱਰਆਈ ਆਨੰਦ ਪਾਲ ਸਿੰਘ ਲੇਲ ਤੇ ਹਰਬੰਸ ਸਿੰਘ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਪੰਜ ਲੱਖ ਰੁਪਏ ਦੀ ਰਾਸ਼ੀ ਇਸ ਮੰਤਵ ਲਈ ਕੱਢੀ ਹੈ।
ਪ੍ਰਾਜੈਕਟ ਦੇ ਸੰਚਾਲਕ ਗੁਰਜੀਤ ਸਿੰਘ ਵਿਕਟਰ ਨੇ ਦੱਸਿਆ ਕਿ ਟਿਕਰੀ ਬਾਰਡਰ ਵਿੱਚ ਇੱਕ ਪਖਾਨਾ ਤੇ ਗੁਸਲਖਾਨਾ ਵਾਲੇ ਦਸ ਕੌਂਬੋ ਸੈੱਟਾਂ ਦੀ ਉਸਾਰੀ ਕਰਨ ਦਾ ਫ਼ੈਸਲਾ ਪਿੰਡ ਦੀਆਂ ਮਹਿਲਾਵਾਂ ਤੇ ਬੱਚਿਆਂ ਦੇ ਉੱਥੇ ਜਾਣ ਤੋਂ ਬਾਅਦ ਆਈਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਲਿਆ ਗਿਆ ਸੀ, ਜਿਸ ਲਈ ਸਾਰਾ ਸਾਮਾਨ ਵੈਲਡਿੰਗ ਸੈੱਟ ਆਦਿ ਪਿੰਡ ਤੋਂ ਭੇਜਿਆ ਗਿਆ। ਉਸਾਰੇ ਗਏ ਬਾਥਰੂਮਾਂ ਦੀ ਸਾਫ਼ ਸਫ਼ਾਈ ਲਈ ਪਿੰਡ ਤੋਂ ਹੀ ਵਾਲੰਟੀਅਰ ਗਏ ਹਨ।