ਰਾਜਿੰਦਰ ਜੈਦਕਾ
ਅਮਰਗੜ੍ਹ, 5 ਜੁਲਾਈ
ਬਾਗੜੀਆਂ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਿੰਡ ਨੂੰ ਨਸ਼ਾਮੁਕਤ ਕਰਨ ਦੀ ਅਪੀਲ ਕੀਤੀ ਹੈ। ਕੋਅਪਰੇਟਿਵ ਸੁਸਾਇਟੀ ਦੇ ਪ੍ਰਧਾਨ ਹਰਧੀਰ ਸਿੰਘ, ਕਾਮਰੇਡ ਹਰਮੀਤ ਸਿੰਘ, ਜੀਤ ਸਿੰਘ, ਗੁਰਮੀਤ ਸਿੰਘ, ਮਹਿੰਦਰ ਸਿੰਘ ਆਦਿ ਨੇ ਦੱਸਿਆ ਕਿ ਰਾਜਪੂਤ ਬਰਾਬਦਰੀ ਦੇ ਕੁਝ ਲੋਕ ਸ਼ਰ੍ਹੇਆਮ ਨਸ਼ੇ ਦੀ ਵਿਕਰੀ ਕਰਦੇ ਹਨ। ਪਿੰਡ ਵਿੱਚ ਹਰ ਤਰ੍ਹਾਂ ਦਾ ਨਸ਼ਾ ਵਿਕਣ ਕਾਰਨ ਇਹ ਪਿੰਡ ਦੂਰ-ਦੂਰ ਤੱਕ ਬਦਨਾਮ ਹੈ। ਸ਼ਰ੍ਹੇਆਮ ਨਸ਼ਾ ਵਿਕਣ ਕਾਰਨ ਪਿੰਡ ਦੇ ਲੜਕੇ ਤੇ ਲੜਕੀਆਂ ਦੇ ਰਿਸ਼ਤੇ ਕਰਨ ਵਿਚ ਭਾਰੀ ਦਿੱਕਤ ਆ ਰਹੀ ਹੈ। ਪਿੰਡ ਦੀ ਪੰਚਾਇਤ ਤੇ ਹੋਰ ਪਤਵੰਤਿਆਂ ਵੱਲੋਂ ਬਹੁਤ ਵਾਰ ਉੱਚ ਪੁਲੀਸ ਅਧਿਅਕਾਰੀਆਂ ਨੂੰ ਲਿਖਤੀ ਪੱਤਰ ਦੇ ਕੇ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਈ ਵਾਰ ਨਸ਼ਾ ਤਸਕਰਾਂ ਨੂੰ ਰੰਗੇ ਹੱਥ ਫੜ ਕੇ ਪੁਲੀਸ ਹਵਾਲੇ ਵੀ ਕੀਤਾ ਪਰ ਪੁਲੀਸ ਵੱਲੋਂ ਕੁਝ ਦੇਰ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲੀਸ ਵੱਲੋਂ ਵਾਰ-ਵਾਰ ਸੈਮੀਨਾਰ ਲਗਾ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਨੇ ਵੀ ਵੋਟਾਂ ਤੋਂ ਪਹਿਲਾਂ ਬਾਗੜੀਆਂ ਨੂੰ ਨਸ਼ਾਮੁਕਤ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਵਿਧਾਨ ਸਭਾ ਵਿਚ ਜਾ ਕੇ ਆਪਣਾ ਵਾਅਦਾ ਭੁੱਲ ਗਏ ਹਨ।
ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪਿੰਡ ਵਿਚ ਪੁਲੀਸ ਚੌਕੀ, ਪੁਲੀਸ ਦੀ ਨਫ਼ਰੀ ਵਧਾਉਣ ਦੇ ਨਾਲ ਨਾਲ ਪਿੰਡ ਨੂੰ ਨਸ਼ਾਮੁਕਤ ਕਰਨ ਦੀ ਮੰਗ ਕੀਤੀ ਹੈ।
ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ: ਡੀਅੱੈਸਪੀ
ਡੀਐੱਸਪੀ ਸੰਦੀਪ ਵਡੇਰਾ ਨੇ ਕਿਹਾ ਕਿ ਵਰਦੀ ਤੇ ਸਾਦੇ ਕੱਪੜਿਆਂ ਵਿਚ ਪੁਲੀਸ ਪਿੰਡ ਵਿਚ ਘੁੰਮ ਰਹੀ ਹੈ। ਨਸ਼ਾਂ ਤਸਕਰਾਂ ਖ਼ਿਲਾਫ਼ 30 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।