ਖੇਤਰੀ ਪ੍ਰਤੀਨਿਧ
ਧੂਰੀ, 3 ਨਵੰਬਰ
ਹਲਕਾ ਧੂਰੀ ਦੀ ਅਨਾਜ ਮੰਡੀ ਵਿੱਚ ਬਾਸਮਤੀ ਦੇ ਰੇਟਾਂ ’ਚ ਆਈ ਤੇਜ਼ੀ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਪਰਤ ਆਈ ਹੈ। ਇਥੋਂ ਦੀ ਅਨਾਜ ਮੰਡੀ ਵਿੱਚ ਨਿੱਜੀ ਖਰੀਦਦਾਰਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਬਾਸਮਤੀ ਦੀ ਪੂਰੀ ਕੀਮਤ ਨਹੀਂ ਮਿਲ ਰਹੀ ਸੀ ਅਤੇ ਤੇ ਕਿਸਾਨ ਇਲਾਕੇ ਦੀਆਂ ਹੋਰਨਾਂ ਮੰਡੀਆਂ ’ਚ ਫਸਲ ਵੇਚਣ ਲਈ ਮਜਬੂਰ ਸਨ। ਅੱਜ ਨਿੱਜੀ ਉਦਯੋਗਿਕ ਇਕਾਈਆਂ ਦੇ ਆਉਣ ਨਾਲ ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਦੀ ਬੋਲੀ ਦੌਰਾਨ ਕੀਮਤਾਂ ’ਚ ਤੇਜ਼ੀ ਦਰਜ ਕੀਤੀ ਗਈ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਾਥੀ ਜਗਤਾਰ ਸਿੰਘ ਸਮਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਵੱਧ ਤੋਂ ਵੱਧ ਬਾਸਮਤੀ ਦੀਆਂ ਕਿਸਮਾਂ ਦੀ ਬਿਜਾਈ ਕਰਨ ਤਾਂ ਜੋ ਪਾਣੀ ਦੀ ਬੱਚਤ ਦੇ ਨਾਲ-ਨਾਲ ਫਸਲ ਦੀ ਸਹੀ ਕੀਮਤ ਵੀ ਮਿਲ ਸਕੇ।