ਬੀਰਬਲ ਰਿਸ਼ੀ
ਸ਼ੇਰਪੁਰ, 3 ਜੁਲਾਈ
ਪੰਚਾਇਤ ਵਿਭਾਗ ਵੱਲੋਂ ਪਿੰਡ ਹੇੜੀਕੇ ’ਚ ਇੱਕ ਸਾਲ ਪਹਿਲਾਂ ਮਜ਼ਦੂਰਾਂ ਵੱਲੋਂ ਪਿੰਡ ਦੀ ਰਾਖਵੇਂ ਕੋਟੇ ਦੀ ਤਕਰੀਬਨ 7 ਏਕੜ ਪੰਚਾਇਤੀ ਜ਼ਮੀਨ ’ਤੇ ਕੀਤੇ ਗਏ ਕਬਜ਼ੇ ਨੂੰ ਲੰਬੀ ਜਦੋ-ਜਹਿਦ ਮਗਰੋਂ ਆਖਿਰ ਮੁਕਤ ਕਰਵਾ ਲਿਆ ਗਿਆ। ਕਬਜ਼ਾ ਛੁਡਵਾਉਣ ਲਈ ਬੀਡੀਪੀਓ ਜੁਗਰਾਜ ਸਿੰਘ ਗੁੰਮਟੀ, ਨਾਇਬ ਤਹਿਸੀਲਦਾਰ ਸ਼ੇਰਪੁਰ ਭੁਪਿੰਦਰ ਸਿੰਘ ਅਤੇ ਥਾਣਾ ਸ਼ੇਰਪੁਰ ਦੇ ਮੁਖੀ ਅਮਰੀਕ ਸਿੰਘ ਪੁਲੀਸ ਫੋਰਸ ਸਮੇਤ ਪੁੱਜੇ।
ਵਰਨਣਯੋਗ ਹੈ ਕਿ ਪਿਛਲੇ ਵਰ੍ਹੇ ਜੂਨ ਮਹੀਨੇ ਵਿੱਚ ਪੰਚਾਇਤ ਨੇ ਰਾਖਵੇਂ ਕੋਟੇ ਦੀ ਬੋਲੀ ਕੀਤੀ ਸੀ ਜਿਸ ਨੂੰ ਡੰਮੀ ਕਰਾਰ ਦਿੰਦਿਆਂ ਜ਼ੈੱਡਪੀਐੱਸਸੀ ਦੀ ਅਗਵਾਈ ਹੇਠ ਮਜ਼ਦੂਰਾਂ ਨੇ ਜ਼ਮੀਨ ’ਤੇ ਕਬਜ਼ਾ ਕਰ ਕੇ ਹਰਾ ਚਾਰਾ ਬੀਜ ਲਿਆ ਸੀ। ਇਸ ਮਾਮਲੇ ’ਚ ਕਈ ਵਾਰ ਇੱਕ-ਦੂਜੇ ਦੀਆਂ ਸ਼ਿਕਾਇਤਾਂ ਅਤੇ ਦੋ ਧਿਰਾਂ ’ਚ ਖੂਨੀ ਟਕਰਾਅ ਵੀ ਹੋਇਆ। ਜਿਸ ਵਿਅਕਤੀ ਦੇ ਨਾਮ ਬੋਲੀ ਟੁੱਟੀ ਸੀ, ਉਸ ਨੇ ਵਿਭਾਗ ਨੂੰ ਧਿਰ ਬਣਾ ਕੇ ਉੱਚ ਅਦਾਲਤ ਦੀ ਸ਼ਰਨ ਲਈ ਸੀ ਜਿਸ ’ਤੇ ਅਦਾਲਤ ਵੱਲੋਂ ਕਬਜ਼ਾ ਛੁਡਵਾਉਣ ਦੇ ਨਿਰਦੇਸ਼ ਕੀਤੇ ਗਏ। ਪ੍ਰਸ਼ਾਸਨ ਨੇ ਇੱਕ ਵਾਰ ਪਹਿਲਾਂ ਕਬਜ਼ਾ ਛੁਡਵਾਉਣ ਦਾ ਦਾਅਵਾ ਕੀਤਾ ਸੀ ਪਰ ਬੋਲੀਕਾਰ ਤੇ ਪਿੰਡ ਦੀ ਪੰਚਾਇਤ ਨੇ ਉਸ ਕਾਰਵਾਈ ਨੂੰ ਖਾਨਾਪੂਰਤੀ ਕਰਾਰ ਦਿੱਤਾ ਸੀ। ਇਸ ਮਗਰੋਂ ਉੱਚ ਅਦਾਲਤ ਦੇ ਹੁਕਮਾਂ ’ਤੇ ਵਿਭਾਗ ਨੇ ਪੰਜ ਪ੍ਰਤੀਸ਼ਤ ਵਾਧੇ ਨਾਲ ਬੋਲੀਕਾਰ ਨੂੰ ਉਸ ਦੀ ਬਣਦੀ ਰਾਸ਼ੀ ਵਿਭਾਗ ਤੋਂ ਵਾਪਸ ਕਰਵਾ ਦਿੱਤੀ ਸੀ। ਜ਼ੈੱਡਪੀਐਸਸੀ ਦੇ ਆਗੂ ਜਸਵੰਤ ਸਿੰਘ ਨੇ ਕਿਹਾ ਕਿ ਸਾਂਝੀ ਖੇਤੀ ਦੇ ਸੰਕਲਪ ਨੂੰ ਅੱਗੇ ਵਧਾਉਣ ਲਈ ਉਹ ਨਵੇਂ ਸਿਰੇ ਤੋਂ ਬੋਲੀ ਦੀ ਮੰਗ ਕਰਦੇ ਆ ਰਹੇ ਸਨ ਜਿਸ ’ਤੇ ਹੁਣ ਵਿਭਾਗ ਨੇ ਬੋਲੀ ਕਰਵਾਏ ਜਾਣ ਦਾ ਭਰੋਸਾ ਦਿੱਤਾ ਹੈ।
ਪਿੰਡ ਹੇੜੀਕੇ ਦੀ ਸਰਪੰਚ ਬੀਬੀ ਪਾਲਵਿੰਦਰ ਕੌਰ ਤੇ ਮੋਹਤਬਰ ਅਵਤਾਰ ਸਿੰਘ ਹੇੜੀਕੇ ਨੇ ਪ੍ਰਸ਼ਾਸਨ ਦੀ ਕਬਜ਼ਾ ਮੁਕਤੀ ਮੁਹਿੰਮ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।