ਹੁਸ਼ਿਆਰ ਸਿੰਘ ਰਾਣੂੰ
ਮਾਲੇਰਕੋਟਲਾ, 10 ਅਕਤੂਬਰ
ਹਿਊਮਨ ਰਾਈਟਸ ਐਮਰਜੈਂਸੀ ਹੈਲਪਲਾਈਨ ਐਸੋਸੀਏਸ਼ਨ ਨੇ ਮੁਸਲਿਮ ਜਥੇਬੰਦੀਆਂ ਦੇ ਸਹਿਯੋਗ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਹਿੰਦੀ ਦਰਵਾਜ਼ੇ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਜਸਵਿੰਦਰ ਕੌਰ ਸੋਹਲ ਨੇ ਕਿਹਾ ਕਿ ਦੇਸ਼ ਦੇ ਆਜ਼ਾਦੀ ਅੰਦੋਲਨ ’ਚ ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ ਦਾ ਵੱਡਾ ਯੋਗਦਾਨ ਹੈ, ਪਰ ਅਫ਼ਸੋਸ ਕਿ ਦੇਸ਼ ਦੇ ਆਜ਼ਾਦ ਹੋਣ ਉਪਰੰਤ ਹਾਕਮ ਧਿਰਾਂ ਵੱਲੋਂ ਸੰਵਿਧਾਨ ਦੀ ਲਗਾਤਾਰ ਅਣਦੇਖੀ ਕਰਦਿਆਂ ਦੇਸ਼ ਦੀਆਂ ਧਾਰਮਿਕ ਗਿਣਤੀਆਂ ਨਾਲ ਹਰ ਪੱਧਰ ’ਤੇ ਵਿਤਕਰਾ ਜਾਰੀ ਹੈ। ਬੀਬੀ ਸੋਹਲ ਨੇ ਕਿਹਾ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਤੇ ਮੁਸਲਿਮ ਨੌਜਵਾਨਾਂ ਨੂੰ ਜੇਲ੍ਹਾਂ ’ਚੋਂ ਰਿਹਾਅ ਨਾ ਕਰਨਾ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ।
ਉਨ੍ਹਾਂ ਬਿਲਕੀਸ ਬਾਨੋ ਕੇਸ ਵਿੱਚ ਜੇਲ੍ਹ ‘ਚ ਬੰਦ ਵਿਅਕਤੀਆਂ ਦੀ ਰਿਹਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਅੰਦਰ ਔਰਤਾਂ ਨਾਲ ਵੀ ਧੱਕੇਸ਼ਾਹੀ ਤੇ ਬੇਇਨਸਾਫ਼ੀ ਹੋ ਰਹੀ ਹੈ। ਆਲ ਇੰਡੀਆ ਕਾਫ਼ਲਾ-ਏ-ਮੀਰ ਦੀ ਮਹਿਲਾ ਵਿੰਗ ਦੀ ਪ੍ਰਧਾਨ ਰੁਬੀਨਾ ਨੇ ਕਿਹਾ ਕਿ ਦੇਸ਼ ਅੰਦਰ ਧਾਰਮਿਕ ਘੱਟ ਗਿਣਤੀਆਂ ਅਤੇ ਔਰਤਾਂ ਸੁਰੱਖਿਅਤ ਨਹੀਂ ਹਨ। ਅਕਾਲੀ ਮਹਿਲਾ ਆਗੂ ਮੰਜੂ ਕੁਰੈਸ਼ੀ ਨੇ ਕਿਹਾ ਕਿ ਫ਼ਿਰਕੂ ਤਾਕਤਾਂ ਤੋਂ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਜ਼ਰੂਰਤ ਹੈ।
ਰਮਜ਼ਾਨ ਸਈਦ ਨੇ ਕਿਹਾ ਕਿ ਦੇਸ਼ ਨੂੰ ਫ਼ਿਰਕੂ ਤਾਕਤਾਂ ਤੋਂ ਗੰਭੀਰ ਚੁਣੌਤੀਆਂ ਦਰਪੇਸ਼ ਹਨ। ਸਿੱਖ ਤੇ ਮੁਸਲਿਮ ਨੌਜਵਾਨਾਂ ਦੀ ਰਿਹਾਈ ਲਈ ਇਨਸਾਫ਼ਪਸੰਦ ਧਿਰਾਂ ਨੂੰ ਇੱਕ ਮੰਚ ‘ਤੇ ਇਕੱਤਰ ਹੋਣ ਦੀ ਜ਼ਰੂਰਤ ਹੈ। ਸਾਬਕਾ ਅਕਾਲੀ ਮੰਤਰੀ ਨੁਸਰਤ ਇਕਰਾਮ ਖ਼ਾਂ ਬੱਗਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਸ਼ਾਇਰ ਜ਼ਮੀਰ ਅਲੀ ਜਮੀਰ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਇੱਕਜੁੱਟ ਹੋਣਾ ਸਮੇਂ ਦੀ ਅਹਿਮ ਜ਼ਰੂਰਤ ਹੈ। ਮੁਸਲਿਮ-ਸਿੱਖ ਫਰੰਟ ਦੇ ਆਗੂ ਵਸੀਮ ਸ਼ੇਖ ਨੇ ਕਿਹਾ ਕਿ ਕਰਨਾਟਕ ’ਚ ਹਿਜਾਬ ਨੂੰ ਲੈ ਕੇ ਮੁਸਲਿਮ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ, ਜਮਾਤ-ਏ-ਇਸਲਾਮੀ ਹਿੰਦ ਦੇ ਆਗੂ ਡਾ. ਮੁਹੰਮਦ ਇਰਸ਼ਾਦ, ਕਰਮ ਦੀਨ ਰਾਣਵਾਂ, ਸਾਬਕਾ ਕੌਂਸਲਰ ਸ਼ਮਾ ਫਿਰਾਜ਼ੀ, ਰਸ਼ੀਦ ਮਲਿਕ, ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਆਗੂ ਮਨਦੀਪ ਸਿੰਘ ਖੁਰਦ ਆਦਿ ਵੀ ਹਾਜ਼ਰ ਸਨ।