ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 29 ਨਵੰਬਰ
ਅੱਜ ਸਰੌਦ ਪਿੰਡ ਦੇ ਕਿਸਾਨਾਂ ਵੱਲੋਂ ਜਿਨ੍ਹਾਂ ਦੀ ਜ਼ਮੀਨ ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਵਿਚ ਆਉਂਦੀ ਹੈ, ਵੱਲੋਂ ਵੀ ਸੰਘਰਸ਼ ਦਾ ਬਿਗਲ ਵਜਾਉਂਦਿਆਂ ਇਸ ਮੁੱਖ ਸੜਕ ਲਈ ਜ਼ਮੀਨ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਹੈ। ਪਿੰਡ ਵਿੱਚ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਇਕੱਠੇ ਹੋਏ ਕਿਸਾਨਾਂ ਜ਼ੈਲਦਾਰ ਹਰਿੰਦਰ ਸਿੰਘ, ਜਥੇਦਾਰ ਹਾਕਮ ਸਿੰਘ ਰਟੋਲ ਤੇ ਮਹਿੰਦਰ ਸਿੰਘ ਨੇ ਗੱਲਬਾਤ ਦੌਰਾਨ ਆਖਿਆ ਕਿ ਉਨ੍ਹਾਂ ਦੀ ਮਹਿੰਗੇ ਮੁੱਲ ਦੀ ਜ਼ਮੀਨ ਸਰਕਾਰ ਵੱਲੋਂ ਕੌਡੀਆਂ ਦੇ ਭਾਅ ਖ਼ਰੀਦ ਕੇ ਉਨ੍ਹਾਂ ਨੂੰ ਉਜਾੜਿਆ ਜਾ ਰਿਹਾ ਹੈ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ। ਇਕ ਪਾਸੇ ਤਾਂ ਕਿਸਾਨਾਂ ਨੂੰ ਸੜਕ ਵਿੱਚ ਆਉਣ ਵਾਲੀ ਜ਼ਮੀਨ ਦਾ ਪ੍ਰਤੀ ਏਕੜ 2 ਕਰੋੜ 20 ਲੱਖ ਦਿੱਤਾ ਗਿਆ ਹੈ ਜਦੋਂਕਿ ਸਾਨੂੰ ਪ੍ਰਤੀ ਏਕੜ ਸਿਰਫ 20 ਲੱਖ ਰੁਪਈਆ ਦਿੱਤਾ ਜਾ ਰਿਹਾ ਹੈ ਜੋ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਪ੍ਰਵਾਨ ਨਹੀਂ। ਜਿਹੜੇ ਕਿਸਾਨਾਂ ਦੀ ਜ਼ਮੀਨ ਸੜਕ ਵਿੱਚ ਆਵੇਗੀ, ਉਨ੍ਹਾਂ ਨੂੰ ਕਿਸੇ ਦੂਸਰੀ ਜਗ੍ਹਾ ਜਾ ਕੇ ਜ਼ਮੀਨ ਵੀ ਇਸ ਤੋਂ ਮਹਿੰਗੇ ਮੁੱਲ ਮਿਲੇਗੀ ਫਿਰ ਉਹ ਜ਼ਮੀਨ ਦੀ ਖ਼ਰੀਦ ਕਿਸ ਤਰ੍ਹਾਂ ਕਰਨਗੇ। ਕਿਸਾਨਾਂ ਨੇ ਅੱਗੇ ਆਖਿਆ ਕਿ ਸੜਕ ਲੰਘਣ ਦੇ ਨਾਲ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਦੋਫਾੜ ਹੋ ਜਾਵੇਗੀ। ਉਸ ਉੱਤੇ ਖੇਤੀ ਕਿਸ ਤਰ੍ਹਾਂ ਹੋਵੇਗੀ। ਇਨ੍ਹਾਂ ਟੁਕੜਿਆਂ ਦਾ ਕਿਸਾਨ ਕੀ ਕਰਨਗੇ ਅਤੇ ਪਰਿਵਾਰਾਂ ਵਿੱਚ ਲੜਾਈ ਝਗੜੇ ਹੋਣਗੇ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਵੱਡਾ ਇਕੱਠ ਕਰ ਕੇ ਨਵੀਂ ਰਣਨੀਤੀ ਉਲੀਕੀ ਜਾਵੇਗੀ।
ਇਸ ਮੌਕੇ ਕਿਸਾਨ ਗੁਰਵਿੰਦਰ ਸਿੰਘ ਗੁਰਾ, ਸੰਦੀਪ ਸਿੰਘ, ਗੁਰਦੀਪ ਸਿੰਘ ਰਟੋਲ, ਬਲਜੀਤ ਸਿੰਘ, ਹਰੀ ਸਿੰਘ , ਭੁਪਿੰਦਰ ਸਿੰਘ, ਤਰਲੋਚਨ ਸਿੰਘ ਸੁਖਵਿੰਦਰ ਸਿੰਘ, ਜਸਪਾਲ ਸਿੰਘ, ਜਿੰਦਰੀ ਰਟੋਲ, ਸਤਨਾਮ ਸਿੰਘ, ਬਾਬਾ ਬੰਤ ਸਿੰਘ, ਮੇਵਾ ਸਿੰਘ ਕਾਲਾ ਸਿੰਘ, ਰਣਜੀਤ ਸਿੰਘ, ਗਿਆਨ ਸਿੰਘ, ਭੋਲਾ ਸਿੰਘ ਆਦਿ ਹਾਜ਼ਰ ਸਨ।