ਹਰਦੀਪ ਸਿੰਘ ਸੋਢੀ/ਬੀਰਬਲ ਰਿਸ਼ੀ
ਧੂਰੀ/ਸ਼ੇਰਪੁਰ, 24 ਅਗਸਤ
ਪੰਜਾਬ ਦੇ ਮੁੱਖ ਮੰਤਰੀ ਅਤੇ ਹਲਕਾ ਧੂਰੀ ਦੀ ਬਤੌਰ ਵਿਧਾਇਕ ਨੁਮਾਇੰਦਗੀ ਕਰਦੇ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ, ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੱਲੋਂ ਅੱਜ ਹਲਕੇ ਦੇ ਇਤਿਹਾਸਕ ਗੁਰਦੁਆਰਾ ਮੂਲੋਵਾਲ ਸਾਹਿਬ ਅਤੇ ਪ੍ਰਾਚੀਨ ਰਣਕੇਸ਼ਵਰ ਸ਼ਿਵ ਮੰਦਿਰ ਰਣੀਕੇ ਵਿਖੇ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ| ਇਸ ਤੋਂ ਪਹਿਲਾਂ ਪਿੰਡ ਲੱਡਾ, ਕਾਂਝਲਾ, ਹਸਨਪੁਰ, ਮੂਲੋਵਾਲ, ਰਣੀਕੇ, ਕੱਕੜਵਾਲ ਅਤੇ ਧੂਰੀ ਦੇ ਲੋਕਾਂ ਨੇ ਸ੍ਰੀ ਮਾਨ ਦੇ ਪਰਿਵਾਰਕ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ। ਇਸ ਉਪਰੰਤ ਡਾ. ਗੁਰਪ੍ਰੀਤ ਕੌਰ ਮਾਨ ਨੇ ਧੂਰੀ ਸਥਿਤ ਮੁੱਖ ਮੰਤਰੀ ਦਫ਼ਤਰ ਵਿੱਚ ਵੱਖ-ਵੱਖ ਵਾਰਡਾਂ ਦੀਆਂ ‘ਆਪ’ ਵਰਕਰਾਂ ਦੀਆਂ ਕਮੇਟੀਆਂ ਨਾਲ ਮੀਟਿੰਗ ਕਰਦਿਆਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਵਿਚਾਰ-ਵਟਾਂਦਰਾ ਕੀਤਾ| ਡਾ. ਗੁਰਪ੍ਰੀਤ ਮਾਨ ਨੇ ਧੂਰੀ ਹਲਕੇ ਨੂੰ ਆਪਣਾ ਪਰਿਵਾਰ ਦੱਸਦਿਆਂ ਕਿਹਾ ਕਿ ਧੂਰੀ ਜਿੱਥੇ ਪੰਜਾਬ ਦੇ ਵਿਕਾਸ ਦਾ ਧੁਰਾ ਹੋਵੇਗੀ, ਉੱਥੇ ਧੂਰੀ ਦੇ ਵਿਕਾਸ ਲਈ ਰਿਕਾਰਡਤੋੜ ਵਿਕਾਸ ਕਾਰਜ ਜਲਦੀ ਸ਼ੁਰੂ ਹੋਣਗੇ| ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ, ਉਹ ਪੂਰੇ ਕੀਤੇ ਜਾਣਗੇ ਜਦੋਂਕਿ ਕਈ ਵੱਡੀਆਂ ਗਾਰੰਟੀਆਂ ਨੂੰ ਪੂਰਾ ਕਰ ਕੇ ਅਮਲੀਜਾਮਾ ਪਹਿਨਾਇਆ ਜਾਵੇਗਾ| ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਘਰਾਚੋਂ, ਘੱਟ ਗਿਣਤੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਡਾ. ਅਨਵਰ ਭਸੌੜ, ਸਤਿੰਦਰ ਸਿੰਘ ਚੱਠਾ, ਰਾਜਵੰਤ ਸਿੰਘ ਘੁੱਲੀ, ਅਮਰਦੀਪ ਸਿੰਘ ਧਾਂਦਰਾ, ਪਰਮਿੰਦਰ ਸਿੰਘ ਪੁੰਨੂ ਕਾਤਰੋਂ, ਵਪਾਰ ਮੰਡਲ ਪੰਜਾਬ ਦੇ ਐਕਟਿੰਗ ਪ੍ਰਧਾਨ ਵਿਕਾਸ ਜੈਨ, ਅਸ਼ੋਕ ਕੁਮਾਰ ਲੱਖਾ, ਗੁਰੀ ਮਾਨ ਤੇ ਤੇਜੀ ਕੱਕੜਵਾਲ ਸਮੇਤ ‘ਆਪ’ ਵਰਕਰ ਹਾਜ਼ਰ ਸਨ।