ਬੀਰਬਲ ਰਿਸ਼ੀ
ਸ਼ੇਰਪੁਰ, 9 ਫਰਵਰੀ
ਹਲਕਾ ਮਹਿਲ ਕਲਾਂ ਤੋਂ ਕਾਂਗਰਸੀ ਉਮੀਦਵਾਰ ਬੀਬੀ ਹਰਚੰਦ ਕੌਰ ਘਨੌਰੀ ਲਈ ਕਈ ਬਾਗੀ ਕਾਂਗਰਸੀ ਸਿਰਦਰਦੀ ਬਣੇ ਹੋਏ ਹਨ ਜੋ ਹਾਲੇ ਤੱਕ ਉਮੀਦਵਾਰ ਦੇ ਚੋਣ ਪ੍ਰਚਾਰ ‘ਚ ਨਾਲ ਨਹੀਂ ਤੁਰੇ ਅਤੇ ਘਰਾਂ ਵਿੱਚ ਬੈਠੇ ਕਈ ਟਕਸਾਲੀ ਕਾਂਗਰਸੀਆਂ ਨੂੰ ਬੀਬੀ ਤੇ ਉ ਸਦੇ ਸਮਰਥਕ ਆਪਣੇ ਨਾਲ ਤੋਰਨ ਵਿੱਚ ਅਸਮਰੱਥ ਰਹੇ ਹਨ। ਬੀਬੀ ਘਨੌਰੀ ਦੇ ਖਾਸਮਖਾਸ ਤੇ ਬਲਾਕ ਪੰਚਾਇਤ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਅਲੀਪੁਰ ਆਪਣੇ ਕਈ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਬੀਤੀ ਕੱਲ੍ਹ ਸਾਬਕਾ ਬਲਾਕ ਸਮਿਤੀ ਮੈਂਬਰ ਸ਼ਿਵੰਦਰਪਾਲ ਸਿੰਘ ਰਾਜੂ ਨੇ ਬੀਬੀ ਦੇ ਵਤੀਰੇ ਤੋਂ ਸਾਥੀਆਂ ਸਮੇਤ ‘ਆਪ’ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਕਬੂਲ ਲਈ। ਬਲਾਕ ਸਮਿਤੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਰਘਵੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਬੈਠੇ ਹਨ ਜਦੋਂ ਕਿ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਮੋਨੂੰ ਬਾਜਵਾ ਅਤੇ ਆਗੂ ਸਤਿੰਦਰਪਾਲ ਸੋਨੀ ਨੇ ਦੱਸਿਆ ਕਿ ਰਾਸ਼ਨ ਕਾਰਡ ਕਾਰਨ ਉਨ੍ਹਾਂ ਨੂੰ ਲੋਕਾਂ ਦੇ ਗੁੱਸੇ ਦਾ ਉਨ੍ਹਾਂ ਨੂੰ ਸ਼ਿਕਾਰ ਬਣਨਾ ਪਿਆ। ਉਧਰ ਮਹਿਲ ਕਲਾਂ ਤੋਂ ਟਿਕਟ ਦੇ ਮਜ਼ਬੂਤ ਦਾਅਵੇਦਾਰ ਬੰਨੀ ਖਹਿਰਾ, ਗੁਰਮੇਲ ਮੌੜ ਸਮੇਤ ਅੱਧੀ ਦਰਜਨ ਆਗੂ ਟਿਕਟ ਨਾ ਮਿਲਣ ਕਾਰਨ ਨਰਾਜ਼ ਹੋਣ ਕਾਰਨ ਨਾਲ ਨਹੀਂ ਤੁਰੇ। ਟਕਸਾਲੀ ਕਾਂਗਰਸੀਆਂ ਦੀ ਗਠਿਤ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਤੇ ਕਾਂਗਰਸ ਦੀ ਜ਼ਿਲ੍ਹਾ ਪਰੀਸ਼ਦ ਮੈਂਬਰ ਬੀਬੀ ਦੇ ਪਤੀ ਅਮਨਦੀਪ ਸਿੰਘ ਬਧੇਸਾ ਨੇ ਕਿਹਾ ਕਿ ਚੋਣਵੇਂ ਆਗੂਆਂ ਦੀ 15 ਫਰਵਰੀ ਨੂੰ ਰੱਖੀ ਮੀਟਿੰਗ ਵਿੱਚ ਅਗਲੀ ਰੂਪਰੇਖਾ ਦਾ ਫੈਸਲਾ ਲਿਆ ਜਾਵੇਗਾ। ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਛੰਨਾ ਨੇ ਕਿਹਾ ਕਿ ਹੁਕਮਰਾਨ ਧਿਰ ਦੀ ਬੀਬੀ ਘਨੌਰੀ ਜਦੋਂ ਪਿੰਡਾਂ ਵਿੱਚ ਆਵੇਗੀ ਤਾਂ ਕੀਤੇ ਵਾਅਦਿਆਂ ਤੇ ਦਾਅਵਿਆਂ ਦੀ ਹਕੀਕਤ ਸਬੰਧੀ ਸੁਆਲ ਕਰਨਗੇ। ਉਧਰ ਕਾਂਗਰਸੀ ਉਮੀਦਵਾਰ ਬੀਬੀ ਘਨੌਰੀ ਪਹਿਲਾਂ ਹੀ ਕਹਿ ਚੁੱਕੇ ਹਨ ਉਹ ਸਭ ਨੂੰ ਨਾਲ ਤੋਰਨ ਲਈ ਸਮੂਹ ਕਾਂਗਰਸੀਆਂ ਨਾਲ ਘਰ-ਘਰ ਜਾ ਕੇ ਰਾਬਤਾ ਬਣਾ ਰਹੇ ਹਨ।