ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 14 ਜੁਲਾਈ
ਨੇੜਲੇ ਪਿੰਡ ਹਥਨ ਦੀ ਹੈਲਪਿੰਗ ਹੈਂਡ ਸੁਸਾਇਟੀ, ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀ ਵੱਲੋਂ ਕਈ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਲਈ ਲੋੜੀਂਦੇ ਘਰੇਲੂ ਸਾਮਾਨ ਤੇ ਪਸ਼ੂਆਂ ਲਈ ਹਰੇ -ਚਾਰੇ ਦੀ ਸੇਵਾ ਜਾਰੀ ਹੈ। ਹੈਲਪਿੰਗ ਹੈਂਡ ਸੁਸਾਇਟੀ ਦੇ ਪ੍ਰਧਾਨ ਮਨਦੀਪ ਸਿੰਘ, ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਪਰਮੇਲ ਸਿੰਘ ਅਤੇ ਸਾਬਕਾ ਸਰਪੰਚ ਗੁਰਬਾਜ਼ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੂਪ ਨਗਰ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਹੜ੍ਹਾਂ ਦੀ ਮਾਰ ਝੱਲ ਰਹੇ ਕਈ ਪਿੰਡਾਂ ਲਈ ਪ੍ਰਵਾਸੀ ਭਾਰਤੀ ਗੁਰਮੇਲ ਸਿੰਘ ਉਰਫ ਮੰਤਰੀ ਦੇ ਸਹਿਯੋਗ ਨਾਲ ਪਿੰਡ ਹਥਨ ਤੋਂ ਰੋਜ਼ਾਨਾ ਘਰੇਲੂ ਵਰਤੋਂ ਦੇ ਸਾਮਾਨ ਦੀਆਂ 250 ਥੈਲੀਆਂ ਵੰਡੀਆਂ ਗਈਆਂ ਹਨ।
ਇਸ ਤੋਂ ਇਲਾਵਾ ਪਿੰਡ ਹਥਨ ਤੋਂ ਉਕਤ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਪਸ਼ੂਆਂ ਲਈ ਹਰੇ ਚਾਰੇ ਦੀਆਂ ਤਿੰਨ ਟਰਾਲੀਆਂ ਵੀ ਭੇਜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਅਮਰੀਕਾ ਰਹਿੰਦੇ ਗੁਰਮੇਲ ਸਿੰਘ ਉਰਫ਼ ਮੰਤਰੀ ਨੇ ਦਲੇਲਗੜ੍ਹ ਸੜਕ ਸਥਿਤ ਗੁਰਦੁਆਰਾ ਮਾਹਮੂਆਣਾ ਸਾਹਿਬ ਨੇੜੇ ਕਰੀਬ ਦੋ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ,ਜਿਨ੍ਹਾਂ ਦੀ ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਨੁਕਸਾਨੀ ਗਈ,ਹੈ ,ਲਈ ਝੋਨੇ ਦੀ 126 ਕਿਸਮ ਦੀ ਪਨੀਰੀ ਬਿਜਾਈ ਹੈ, ਜੋ 22 ਤੋਂ 25 ਦਿਨਾਂ ਤੱਕ ਝੋਨਾ ਲਾਉਣ ਲਈ ਤਿਆਰ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋੜਵੰਦ ਕਿਸਾਨ ਪਿੰਡ ਹਥਨ ’ਚ ਸੰਪਰਕ ਕਰਕੇ ਝੋਨੇ ਦੀ ਪਨੀਰੀ ਮੁਫ਼ਤ ਲੈ ਸਕਣਗੇ।
ਪਟਿਆਲਾ(ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਯੋਜਨਾ ਕਮੇਟੀ ਸੰਗਰੂਰ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਂਚੋ ਅਤੇ ਸ਼ਹੀਦ ਭਗਤ ਸਿੰਘ ਅਵੇਅਰਨੈੱਸ ਕਲੱਬ ਘਰਾਂਚੋ ਵੱਲੋਂ ਪਟਿਆਲਾ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਦਵਾਈਆਂ ,ਖਾਣ ਦੀਆ ਵਸਤਾਂ ਆਦਿ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਮਨ ਮਾਰਕਨ ਅਤੇ ਸਿਹਤ ਵਿਭਾਗ ਨੂੰ ਸੌਂਪੀਆਂ ਗਈਆ।
ਚੇਅਰਮੈਨ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਪਹੁੰਚਾ ਰਹੇ ਹਨ ਅਤੇ ਇਸ ਸੇਵਾ ਨੂੰ ਇਸੇ ਤਰ੍ਹਾਂ ਅੱਗੇ ਵੀ
ਲੋੜ ਪੈਣ ਤੱਕ ਜਾਰੀ ਰੱਖਿਆ ਜਾਵੇਗਾ।
ਧੂਰੀ(ਖੇਤਰੀ ਪ੍ਰਤੀਨਿਧ): ਨਜ਼ਦੀਕੀ ਪਿੰਡ ਕਾਤਰੋਂ ਦੇ ਲੋਕਾਂ ਵੱਲੋਂ ਸਾਂਝੇ ਉਪਰਾਲੇ ਤਹਿਤ ਪੰਜਾਬ ਅੰਦਰ ਆਏ ਹੜਾਂ ਵਿੱਚ ਫਸੇ ਲੋਕਾਂ ਦੀ ਮੱਦਦ ਲਈ ਰਾਸ਼ਨ ਤੇ ਹੋਰ ਜ਼ਰੂਰੀ ਸਾਮਾਨ ਭੇਜਿਆ ਗਿਆ। ਪਰਮਿੰਦਰ ਸਿੰਘ ਪੁੰਨੂੰ ਕਾਤਰੋਂ ਨੇ ਦੱਸਿਆ ਕਿ ਬਾਬਾ ਨਰਿੰਜਣ ਦਾਸ ਦੀ ਰਹਿਨੁਮਾਈ ਹੇਠ ਤੇ ਬਾਬਾ ਬੂਟਾ ਦੇ ਸਹਿਯੋਗ ਨਾਲ ਤੇ ਪਿੰਡ ਕਾਤਰੋਂ ਦੇ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਮਿੱਠੀ ਕਾਤਰੋਂ ਤੇ ਪਿੰਡ ਦੇ ਸਰਪੰਚ ਬਹਾਦਰ ਸਿੰਘ ਤੇ ਸਮੂਹ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹੜ੍ਹ ਪੀੜਤ ਪਿੰਡਾਂ ਲਈ ਖਾਣ ਪੀਣ ਵਾਲਾ ਰਾਸ਼ਨ ਵੰਡਿਆ ਗਿਆ ਹੈ।
ਬਿਰਧ ਆਸ਼ਰਮ ਨੂੰ ਪਹੁੰਚਾਇਆ ਜ਼ਰੂਰੀ ਸਾਮਾਨ
ਪਟਿਆਲਾ: ਡਿਸਟ੍ਰਿਕ 309 ਦੇ ਚੇਅਰਮੈਨ ਸੁਰਿੰਦਰ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਨਰਵੀਲ ਕਲੱਬ ਪਟਿਆਲਾ ਮੇਨ ਦੇ ਪ੍ਰਧਾਨ ਪਰਮਜੀਤ ਚੱਢਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਪਟਿਆਲਾ ਵਿਚ ਆਏ ਹੜ੍ਹ ਕਾਰਨ ਚੌਰਾ ਪਿੰਡ ਦੇ ਓਲਡ ਏਜ਼ ਹੋਮ (ਸਾਈਂ ਬਿਰਧ ਆਸ਼ਰਮ ) ਵਿੱਚ ਦੌਰਾ ਕੀਤਾ ਗਿਆ, ਇਹ ਬਿਰਧ ਆਸ਼ਰਮ ਹੜ੍ਹ ਪੀੜਤ ਸੀ। ਇੱਥੇ ਜਾ ਕੇ ਇਨਰਵੀਲ ਪਟਿਆਲਾ ਦੀ ਮੇਨ ਟੀਮ ਨੇ ਜਾ ਕੇ ਬਜ਼ੁਰਗਾਂ ਵਾਸਤੇ ਰਾਸ਼ਨ ਅਤੇ ਖਾਣ ਪੀਣ ਦਾ ਸਾਮਾਨ ਦਿੱਤਾ ਗਿਆ। ਇਨਰਵੀਲ ਦੀ ਟੀਮ ਵਿੱਚ ਪ੍ਰਧਾਨ, ਪਰਮਜੀਤ ਚੱਢਾ , ਸੈਕਟਰੀ ਸਿੰਮੀ ਮਹਿੰਦਰਾ ਪਾਸਟ ਪ੍ਰਧਾਨ, ਡਾਕਟਰ ਨੀਲਮ ਵਰਮਾ ਅਤੇ ਮਧੂ ਹਰਵਿੰਦਰ ਕੌਰ, ਸੰਗੀਤਾ ਪਾਂਡਵ, ਵੀ ਸ਼ਾਮਲ ਸਨ ਅਤੇ ਹੀਉਮਨ ਰਾਈਟਸ ਦੇ ਚੇਅਰਮੈਨ ਸ਼ਮੰਦਿਰ ਸਿੰਧੂ ਤੇ ਰੁਪਿੰਦਰ ਕੌਰ ਵੀ ਸ਼ਾਮਲ ਸੀ। -ਪੱਤਰ ਪ੍ਰੇਰਕ