ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 13 ਅਗਸਤ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਕਰਜ਼ਾ ਮੁਆਫ਼ ਕਰਵਾਉਣ, ਮਗਨਰੇਗਾ ਅਤੇ ਰਾਸ਼ਨ ਕਾਰਡਾਂ ’ਚੋਂ ਕੱਟੇ ਨਾਂ ਬਹਾਲ ਕਰਵਾਉਣ ਲਈ ਦਿੱਤੇ ਸੂਬਾ ਪੱਧਰੀ ਸੰਘਰਸ਼ ਦੇ ਸੱਦੇ ਤਹਿਤ ਸੁਨਾਮ ਇਲਾਕੇ ’ਚ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਸਬੰਧੀ ਕੀਤੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਕਿਹਾ ਕਿ ਲੌਕਡਾਊਨ ਦੇ ਚੱਲਦਿਆਂ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ 31 ਅਗਸਤ ਤੱਕ ਕਿਸ਼ਤਾਂ ਨਾ ਭਰਵਾਉਣ ਅਤੇ ਨਾ ਹੀ ਜ਼ੁਰਮਾਨਾ ਵਸੂਲਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।
ਇਸ ਤਹਿਤ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਡਿਫਾਲਟਰਾਂ ਦੇ ਕਰੋੜਾਂ ਤੋਂ ਵਧੇਰੇ ਕਰਜ਼ੇ ਮੁਆਫ਼ ਕੀਤੇ ਜਾ ਚੁੱਕੇ ਹਨ। ਦੂਸਰੇ ਪਾਸੇ ਲੋੜਵੰਦ, ਗਰੀਬ ਅਤੇ ਆਰਥਿਕ ਤੌਰ ਕਮਜ਼ੋਰ ਬੇਹੱਦ ਮਾੜੀ ਹਾਲਤ ’ਚੋਂ ਗੁਜ਼ਰ ਰਹੇ ਹਨ। ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਬਿਨਾਂ ਸ਼ਰਤ ਸਾਰੇ ਕਰਜ਼ੇ ਮੁਆਫ਼ ਕਰੇ। ਗੁਰਮੇਲ ਸਿੰਘ, ਸਾਗਰ ਸਿੰਘ, ਤਰਸੇਮ ਸਿੰਘ, ਕਾਕਾ ਸਿੰਘ, ਧਰਮਪ੍ਰੀਤ ਸਿੰਘ ਨੇ ਕਿਹਾ ਕਿ ਮਗਨਰੇਗਾ ਕਾਮਿਆਂ ਨਾਲ ਕੰਮਕਾਰ ਸਬੰਧੀ ਵੀ ਵਿਤਕਰੇਬਾਜ਼ੀ ਹੋ ਰਹੀ ਹੈ, ਨਾ ਹੀ ਨਵੇਂ ਜਾਬ ਕਾਰਡ ਬਣਾਏ ਜਾ ਰਹੇ ਹਨ।