ਬੀਰਬਲ ਰਿਸ਼ੀ
ਸ਼ੇਰਪੁਰ, 4 ਅਪਰੈਲ
ਬਲਾਕ ਸ਼ੇਰਪੁਰ ਦਾ ਪਿੰਡ ਰਾਮਨਗਰ ਛੰਨਾ ਭਾਜਪਾ ਦੀਆਂ ਸਿਆਸੀ ਸਰਗਰਮੀਆਂ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਇਸ ਤਹਿਤ ਭਾਜਪਾ ਓਬੀਸੀ ਸੈੱਲ ਦੇ ਪੰਜਾਬ ਪ੍ਰਧਾਨ ਰਜਿੰਦਰ ਸਿੰਘ ਬਿੱਟਾ ਨੇ ਚੋਣਵੇਂ ਆਗੂਆਂ ਨਾਲ ਮੀਟਿੰਗ ਕਰ ਕੇ ਪਾਰਟੀ ਨਾਲ ਜੁੜੇ ਜਸਵੀਰ ਸਿੰਘ ਛੰਨਾ ਨੂੰ ਓਬੀਸੀ ਜ਼ਿਲ੍ਹਾ ਬਰਨਾਲਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਭਾਜਪਾ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰਪਾਲ ਛੰਨਾ ਦੇ ਘਰ ਹੋਈ ‘ਗੁਪਤ’ ਮੀਟਿੰਗ ਵਿੱਚ ਪੁੱਜੇ ਰਜਿੰਦਰ ਬਿੱਟਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਲਈ ਓਬੀਸੀ ਵਿੰਗ ਦਿਨ ਰਾਤ ਇੱਕ ਕਰ ਦੇਵੇਗਾ। ਉਨ੍ਹਾਂ ਪਾਰਟੀ ਆਗੂ ਵਰਕਰਾਂ ਨੂੰ ਭੈਅਮੁਕਤ ਹੋ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦਾ ਸੱਦਾ ਦਿੱਤਾ। ਇਸ ਮੀਟਿੰਗ ਤੋਂ ਪਹਿਲਾਂ ਭਾਜਪਾ ਵੱਲੋਂ ਪਿੰਡ ਰਾਮਨਗਰ ਛੰਨਾ ਵਿੱਚ ਲੰਘੀ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਦਿਹਾੜਾ ਮਨਾਏ ਜਾਣ ਤੋਂ ਇਲਾਵਾ ਪਿਛਲੇ ਦੋ ਮਹੀਨਿਆਂ ਵਿੱਚ ਅੱਧੀ ਦਰਜਨ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ। ਭਾਜਪਾ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰਪਾਲ ਸਿੰਘ ਛੰਨਾ ਨੇ ਸਮਾਗਮ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਰ ਇੱਕ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ। ਇਸ ਮੀਟਿੰਗ ਵਿੱਚ ਖਾਸ ਤੌਰ ’ਤੇ ਭਾਜਪਾ ਦੇ ਮੰਡਲ ਆਗੂ ਸਮਸ਼ੇਰ ਬੱਧਨ, ਕਿਸਾਨ ਵਿੰਗ ਦੇ ਆਗੂ ਹਰਬੰਸ ਟਿੱਬਾ ਆਦਿ ਹਾਜ਼ਰ ਸਨ।