ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 23 ਨਵੰਬਰ
ਸਥਾਨਕ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ’ਚ ਰੈਗੂਲਰ ਪ੍ਰਿੰਸੀਪਲ ਨਿਯੁਕਤ ਕਰਨ, ਕਾਲਜ ਅਹਾਤੇ ’ਚ ਚੱਲ ਰਹੇ ਪ੍ਰਸ਼ਾਸਨਿਕ ਦਫ਼ਤਰਾਂ ਨੂੰ ਹੋਰ ਤਬਦੀਲ ਕਰਨ ਅਤੇ ਪੋਸਟ ਗਰੈਜੂਏਟ ਬਲਾਕ ਦੀ ਇਮਾਰਤ ਦੀ ਮੁਰੰਮਤ ਕਰਨ ਦੀ ਮੰਗ ਲਈ ਪੀਐੱਸਯੂ ਦੀ ਅਗਵਾਈ ਹੇਠ ਰੈਲੀ ਕੀਤੀ। ਉਨ੍ਹਾਂ ਇਨ੍ਹਾਂ ਮੰਗਾਂ ਨੂੰ ਮੰਨਵਾਉਣ ਲਈ ਹਸਤਾਖ਼ਰ ਮੁਹਿੰਮ ਵਿੱਢੀ।
ਵਿਦਿਆਰਥੀ ਆਗੂ ਕਿਰਨਪਾਲ ਕੌਰ ਹਥੋਆ ਨੇ ਕਿਹਾ ਕਿ ਮਾਲੇਰਕੋਟਲਾ ਨਵਾਂ ਜ਼ਿਲ੍ਹਾ ਬਣਨ ਕਰ ਕੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਲਈ ਦਫ਼ਤਰ ਚਲਾਉਣ ਲਈ ਇਮਾਰਤਾਂ ਦੀ ਘਾਟ ਕਾਰਨ ਏਡੀਸੀ ਦਫ਼ਤਰ ਦਾ ਕੰਮ ਸਰਕਾਰੀ ਕਾਲਜ ਦੀ ਇਮਾਰਤ ’ਚ ਚਲਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਦਾ ਸੁਰੱਖਿਆ ਅਮਲਾ ਵੀ ਕਾਲਜ ਦੀ ਚਾਰਦੀਵਾਰੀ ਅੰਦਰ ਮੌਜੂਦ ਰਹਿੰਦਾ ਹੈ। ਏਡੀਸੀ ਦਾ ਦਫ਼ਤਰ ਕਾਲਜ ਦੀ ਇਮਾਰਤ ’ਚ ਚੱਲਦਾ ਹੋਣ ਕਾਰਨ ਆਮ ਲੋਕਾਂ ਦਾ ਕਾਲਜ ’ਚ ਲਗਾਤਾਰ ਆਉਣਾ-ਜਾਣਾ ਬਣਿਆ ਰਹਿੰਦਾ ਹੈ, ਜਿਸ ਨਾਲ ਕਾਲਜ ਦਾ ਵਿੱਦਿਅਕ ਮਾਹੌਲ ਪ੍ਰਭਾਵਿਤ ਹੁੰਦਾ ਹੈ। ਵਿਦਿਆਰਥੀਆਂ ਨੂੰ ਸ਼ਾਂਤਮਈ ਤੇ ਸੁਖਾਵਾਂ ਵਿੱਦਿਅਕ ਮਾਹੌਲ ਨਹੀਂ ਮਿਲ ਰਿਹਾ। ਇਸ ਲਈ ਕਾਲਜ ’ਚੋਂ ਸਰਕਾਰੀ ਦਫ਼ਤਰ ਹੋਰ ਕਿਸੇ ਇਮਾਰਤ ’ਚ ਤਬਦੀਲ ਕੀਤਾ ਜਾਵੇ। ਵਿਦਿਆਰਥੀ ਆਗੂ ਸੁਖਦੀਪ ਸਿੰਘ ਹਥਨ ਨੇ ਕਿਹਾ ਕਿ ਕਾਲਜ ਲਈ ਕੋਈ ਪੱਕਾ ਪ੍ਰਿੰਸੀਪਲ ਨਹੀਂ, ਕਾਲਜ ਪ੍ਰਿੰਸੀਪਲ ਕੋਲ ਹੋਰ ਕਈ ਕਾਲਜਾਂ ਦਾ ਵਾਧੂ ਚਾਰਜ ਹੈ, ਜਿਸ ਕਰਕੇ ਕਾਲਜ ਪ੍ਰਿੰਸੀਪਲ ਕਾਲਜ ਦਾ ਪ੍ਰਬੰਧ ਚਲਾਉਣ ਵੱਲ ਉਚਿਤ ਧਿਆਨ ਨਹੀਂ ਦੇ ਸਕਦੇ। ਇਸ ਲਈ ਕਾਲਜ ਲਈ ਰੈਗੂਲਰ ਪ੍ਰਿੰਸੀਪਲ ਦਾ ਪ੍ਰਬੰਧ ਕੀਤਾ ਜਾਵੇ। ਵਿਦਿਆਰਥੀ ਆਗੂ ਨੇ ਕਿਹਾ ਕਿ ਕਾਲਜ ਦੇ ਪੋਸਟ ਗਰੈਜੂਏਟ ਬਲਾਕ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ, ਉਸ ਦੀ ਮੁਰੰਮਤ ਅਤੇ ਸਾਂਭ ਸੰਭਾਲ ਯਕੀਨੀ ਬਣਾਈ ਜਾਵੇ। ਇਸ ਮੌਕੇ ਹਰਪ੍ਰੀਤ ਸੁੱਖੇਵਾਲ, ਮਨਦੀਪ ਰਟੋਲਾਂ, ਰੁਖਸਾਨਾ, ਰਾਮਵੀਰ ਸਿੰਘ ਤੇ ਪਰਮਿੰਦਰ ਸਿੰਘ ਹਾਜ਼ਰ ਸਨ।