ਪੱਤਰ ਪ੍ਰੇਰਕ
ਸ਼ੇਰਪੁਰ, 2 ਅਗਸਤ
ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਤੋਂ ਇਲਾਵਾ ਇਸ ਇਲਾਕੇ ਦੇ ਤਿੰਨ ਦਰਜਨ ਪਿੰਡਾਂ ਲਈ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਪਿੰਡ ਚਾਂਗਲੀ ਦੇ ਮੂਰਤਾਂ ਵਾਲੇ ਦਰਵਾਜ਼ੇ ਨੇੜੇ ਵਿਸ਼ਾਲ ਰੈਲੀ ਕਰ ਕੇ ਲੋਕਾਂ ਨੂੰ ਇਸ ਵੱਡੇ ਕਾਰਜ ਲਈ ਸੰਘਰਸ਼ ’ਚ ਨਿੱਤਰਨ ਦਾ ਸੱਦਾ ਦਿੱਤਾ।
ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਪੰਜ ਦਰਿਆਵਾਂ ਦੀ ਧਰਤੀ ’ਤੇ ਦੇਸ਼ ਦੀ ਵੰਡ ਮਗਰੋਂ ਮਹਿਜ਼ ਢਾਈ ਦਰਿਆ ਰਹਿ ਗਏ ਜਿਸ ਵਿੱਚੋਂ ਦੇਸ਼ ਦੇ ਹਾਕਮਾਂ ਨੇ ਵੰਡ ਪਾ ਕੇ ਪਾਣੀ ਨੂੰ ਪੰਜਾਬ ਤੋਂ ਰਾਜਸਥਾਨ ਤੇ ਦਿੱਲੀ ਤੋਂ ਇਲਾਵਾ ਐਸਵਾਈਐਲ ਰਾਹੀਂ ਹਰਿਆਣਾ ਨੂੰ ਦੇਣ ਦਾ ਯਤਨ ਕੀਤਾ।
ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਹੁਣ ਧਰਤੀ ਦੀ ਤੀਜੀ ਤਹਿ ’ਚੋਂ ਪਾਣੀ ਕੱਢਿਆ ਜਾ ਰਿਹਾ ਹੈ ਜਿਸ ਤਹਿਤ ਹੁਣ ਤੱਕ 87 ਪ੍ਰਤੀਸ਼ਤ ਪਾਣੀ ਕੱਢਿਆ ਜਾ ਚੁੱਕਿਆ ਹੈ ਅਤੇ ਮਹਿਜ਼ 13 ਪ੍ਰਤੀਸ਼ਤ ਪਾਣੀ ਬਾਕੀ ਹੈ ਅਤੇ ਕੇਕੇਯੂ ਪਾਣੀ ਤੇ ਖੇਤੀ ਮਾਡਲ ਬਦਲਣ ਦੇ ਮੁੱਦੇ ’ਤੇ 8 ਅਗਸਤ ਨੂੰ ਪੰਜਾਬ ਭਰ ਅੰਦਰ ਸਮੂਹ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੰਗ ਪੱਤਰ ਦੇਣ ਜਾ ਰਹੀ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਤੇ ਬਲਾਕ ਸ਼ੇਰਪੁਰ ਨਾਲ ਸਬੰਧਤ ਦਰਜਨਾਂ ਡਾਰਕ ਜ਼ੋਨ ’ਚ ਮੰਨੇ ਜਾਂਦੇ ਪਿੰਡਾਂ ਨੂੰ ਨਹਿਰੀ ਪਾਣੀ ਨਾਲ ਜੋੜਨ ਲਈ ਆਪਣੇ ਵੱਲੋਂ ਇਸ ਨੇਕ ਕਾਰਜ ਲਈ ਦਿਨ ਰਾਤ ਇੱਕ ਕਰ ਦੇਣ ਦਾ ਭਰੋਸਾ ਦਿੰਦਿਆਂ ਲੋਕਾਂ ਤੋਂ ਭਰਵੇਂ ਸਹਿਯੋਗ ਦੀ ਮੰਗ ਕੀਤੀ।
ਇਸ ਮੌਕੇ ਹਾਜ਼ਰ ਪਿੰਡ ਚਾਂਗਲੀ ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਅਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਨੇ ਜਥੇਬੰਦੀ ਵੱਲੋਂ ਨਹਿਰੀ ਪਾਣੀ ਦੀ ਮੰਗ ਉਭਾਰਨ ਲਈ ਹਲਕਾ ਧੂਰੀ ਦੇ ਪਿੰਡਾਂ ’ਚੋਂ ਕੱਢੇ ਜਾ ਰਹੇ ਮੋਟਰਸਾਈਕਲ ਮਾਰਚ ਅਤੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਜਾ ਕੇ ਮੰਗ ਪੱਤਰ ਦੇਣ ਮੌਕੇ ਪਿੰਡ ਵੱਲੋਂ ਸਰਗਰਮ ਸ਼ਮੂਲੀਅਤ ਕਰਨ ਦਾ ਵਾਅਦਾ ਕੀਤਾ। ਇਸ ਰੈਲੀ ਨੂੰ ਸਾਬਕਾ ਚੇਅਰਮੈਨ ਗੁਰਜੀਤ ਸਿੰਘ ਤੇ ਕੇਕੇਯੂ ਦੇ ਆਗੂ ਰਣਧੀਰ ਸਿੰਘ ਜਹਾਂਗੀਰ ਨੇ ਵੀ ਸੰਬੋਧਨ ਕੀਤਾ।