ਨਿਜੀ ਪੱਤਰ ਪ੍ਰੇਰਕ
ਸੰਗਰੂਰ, 16 ਮਈ
ਪਿੰਡ ਉਪਲੀ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਪਿੰਡ ਕਮੇਟੀ ਵੱਲੋਂ ਤੀਜੇ ਹਿੱਸੇ ਦੀ ਜ਼ਮੀਨ ਘੱਟ ਰੇਟ ਤੇ ਸਾਂਝੇ ਤੌਰ ’ਤੇ ਲੈਣ ਲਈ ਤੇ ਕਰੋਨਾ ਦੀ ਆੜ ਹੇਠ ਲੌਕਡਾਊਨ ਦੀਆਂ ਪਾਬੰਦੀਆਂ ਕਾਰਨ ਫੈਲ ਰਹੀ ਬੇਰੁਜ਼ਗਾਰੀ ਖ਼ਿਲਾਫ਼ ਪਿੰਡ ਦੀ ਗੁਰੂ ਰਵਿਦਾਸ ਧਰਮਸ਼ਾਲਾ ਵਿੱਚ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਜ਼ਿਲ੍ਹਾ ਆਗੂ ਬਿਮਲ ਕੌਰ, ਅਮਰੀਕ ਸਿੰਘ ਤੇ ਇਲਾਕਾ ਆਗੂ ਕਰਮਜੀਤ ਕੌਰ ਨੇ ਕਿਹਾ ਕਿ ਕਰੋਨਾ ਦੀ ਬਿਮਾਰੀ ਕਾਰਨ ਲੋਕ ਨਹੀਂ ਮਰ ਰਹੇ, ਜਿੰਨੇ ਸਿਹਤ ਸਹੂਲਤਾਂ ਦਾ ਪ੍ਰਬੰਧ ਨਾ ਹੋਣ ਕਾਰਨ ਮਰ ਰਹੇ ਹਨ। ਇਸ ਦਾ ਹੱਲ ਲੌਕਡਾਊਨ ਨਹੀਂ ਕਿਉਂਕਿ ਲੌਕਡਾਊਨ ਕਾਰਨ ਭੁੱਖਮਰੀ ਫੈਲੇਗੀ। ਸਰਕਾਰ ਲੌਕਡਾਊਨ ਤਾਂ ਵੇਖ ਰਹੀ ਹੈ ਪਰ ਲੋਕਾਂ ਦੀ ਆਰਥਿਕ ਹਾਲਤ ਨਹੀਂ ਵੇਖ ਰਹੀ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ,ਪੰਜਾਬ ਸਰਕਾਰ ਕਰੋਨਾ ਨੂੰ ਭਿਆਨਕ ਬਿਮਾਰੀ ਸਮਝ ਰਹੀ ਹੈ ਤਾਂ ਇਸ ਦੇ ਚਲਦਿਆਂ ਪਿੰਡਾਂ ਵਿੱਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਘੱਟ ਰੇਟ ’ਤੇ ਦੇਵੇ, ਆਮ ਲੋਕਾਂ ਦੀ ਰੋਜ਼ੀ ਰੋਟੀ ਦਾ ਪੱਕਾ ਪ੍ਰਬੰਧ ਕਰੇ। ਆਗੂਆਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਕਰੋਨਾ ਬਿਮਾਰੀ ਕਾਰਨ ਲੋਕਾਂ ਦੀ ਜ਼ਿੰਦਗੀ ਬਚਾਉਣ ਦੀ ਫ਼ਿਕਰਮੰਦੀ ਪ੍ਰਗਟਾ ਰਹੀ ਹੈ ਪਰ ਦੂਜੇ ਪਾਸੇ ਪੈਟਰੋਲ /ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਕੀਤੇ ਜਾ ਰਹੇ ਵਾਧੇ ਕਾਰਨ ਬੇਲਗਾਮ ਹੁੰਦੀ ਜਾ ਰਹੀ ਮਹਿੰਗਾਈ ਨੇ ਲੋਕਾਂ ਦਾ ਕਚੂੰਬਰ ਕੱਢ ਦਿੱਤਾ ਹੈ। ਇਸ ਲਈ ਸਰਕਾਰ ਦੁਆਰਾ ਲੋਕਾਂ ਪ੍ਰਤੀ ਪ੍ਰਗਟਾਈ ਜਾ ਰਹੀ ਫ਼ਿਕਰਮੰਦੀ ਮਹਿਜ਼ ਨਾਟਕ ਹੀ ਹੈ ਹੋਰ ਕੁਝ ਵੀ ਨਹੀਂ।
ਠੇਕਾ ਪੂਰਾ ਨਾ ਮਿਲਣ ਕਾਰਨ ਜ਼ਮੀਨ ਦੀ ਬੋਲੀ ਤੀਜੀ ਵਾਰ ਰੱਦ
ਸਮਾਣਾ, 16 ਮਈ (ਸੁਭਾਸ਼ ਚੰਦਰ) ਬਲਾਕ ਸਮਾਣਾ ਦੇ ਪਿੰਡ ਫਤਿਹਮਾਜਰੀ ’ਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਦੀ ਨਿਗਰਾਨੀ ’ਚ ਤੀਜੀ ਵਾਰ ਰੱਖੀ ਗਈ 140 ਏਕੜ ਸ਼ਾਮਲਾਤ ਜ਼ਮੀਨ ਦੀ ਬੋਲੀ ਬੀਤੇ ਸਾਲ ਦੇ ਠੇਕੇ ਤੋਂ ਵੀ ਘੱਟ ਰਕਮ ਮਿਲਣ ਕਾਰਨ ਸ਼ਨੀਵਾਰ ਨੂੰ ਵੀ ਰੱਦ ਕਰ ਦਿੱਤੀ ਗਈ। ਇਸ ਮੌਕੇ ਜ਼ਮੀਨ ਦੇ ਠੇਕੇਦਾਰ ਖੇਮ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਬੀਤੇ ਸਾਲ ਫਸਲ ਦੀ ਪੈਦਾਵਾਰ ਜ਼ਿਆਦਾ ਹੋਣ ਕਾਰਨ ਉਨ੍ਹਾਂ ਜ਼ਮੀਨ ਦਾ ਠੇਕਾ ਵਧਾ ਕੇ ਪਿੰਡ ਦੀ ਸ਼ਾਮਲਾਤ ਜ਼ਮੀਨ ਠੇਕੇ ’ਤੇ ਲਈ ਸੀ। ਇਸ ਸਾਲ ਫਸਲ ਦੀ ਪੈਦਾਵਾਰ ਘੱਟ ਹੋਣ, ਖਾਦ ਦੇ ਰੇਟ ਵਧਣ, ਕਰੋਨਾ ਬੀਮਾਰੀ ਦੇ ਪ੍ਰਭਾਵ, ਆੜ੍ਹਤੀਆਂ ਦੀ ਬਜਾਏ ਕਿਸਾਨਾਂ ਦੇ ਖਾਤੇ ’ਚ ਸਿੱਧੀ ਅਦਾਇਗੀ ਹੋਣ ਕਾਰਨ ਹੁਣ ਉਨ੍ਹਾਂ ਨੂੰ ਠੇਕੇ ਦੀ ਰਕਮ ਭਰਨ ਲਈ ਅਡਵਾਂਸ ’ਚ ਰਕਮ ਨਹੀਂ ਮਿਲ ਰਹੀ।