ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 2 ਫਰਵਰੀ
ਲੋਕ ਮੋਰਚਾ ਪੰਜਾਬ ਵੱਲੋਂ ਜਾਰੀ ‘ਇਨਕਲਾਬੀ ਬਦਲ ਉਸਾਰੋ’ ਮੁਹਿੰਮ ਤਹਿਤ ਅੱਜ ਵੱਖ-ਵੱਖ ਪਿੰਡਾਂ ਰੈਲੀਆਂ ਕੀਤੀਆਂ ਗਈਆਂ। ਇਲਾਕੇ ਦੇ ਪਿੰਡ ਘਨੌਟ ਜੱਟਾਂ, ਅਕਬਰਪੁਰ, ਗੱਜੂਮਾਜਰਾ, ਲੱਡੀ ਵਿਚ ਮਜ਼ਦੂਰਾਂ ਅਤੇ ਨੌਜਵਾਨਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਭਗਵਾਨ ਸਿੰਘ ਮੂਨਕ, ਲੋਕ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਵਿਦਿਆਰਥੀ ਆਗੂ ਰਮਨ ਸਿੰਘ ਕਾਲਾਝਾੜ ਨੇ ਸ਼ਹੀਦ ਭਗਤ ਸਿੰਘ ਦੇ ਨਾਅਰੇ ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਨੂੰ ਬੁਲੰਦ ਕਰਦਿਆਂ ਕਿਹਾ ਕਿ ਲੋਕਾਂ ਦੀ ਹਾਲਤ ਵਿੱਚ ਹਕੀਕੀ ਤਬਦੀਲੀ ਲਈ ਅਨਿਆਂ ਅਤੇ ਲੁੱਟ ਦੇ ਇਸ ਢਾਂਚੇ ਨੂੰ ਤਬਦੀਲ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਿਹਨਤਕਸ਼ ਲੋਕਾਂ ਦੀ ਦੁਰਗਤ ਇਸ ਪ੍ਰਬੰਧ ਅੰਦਰ ਮੁੱਢ ਤੋਂ ਮੌਜੂਦ ਜ਼ਮੀਨ ਅਤੇ ਸਾਧਨਾਂ ਦੀ ਕਾਣੀ ਵੰਡ ਨਾਲ ਜੁੜੀ ਹੋਈ ਹੈ।
ਉਨਾਂ ਕਿਹਾ ਕਿ ਮੌਜੂਦਾ ਸਮੇਂ ਸਿਆਸੀ ਪਾਰਟੀਆਂ ਵੱਲੋਂ ਉਭਾਰੇ ਜਾ ਰਹੇ ਵੱਖ ਵੱਖ ਏਜੰਡਿਆਂ ਦੇ ਮੁਕਾਬਲੇ ਲੋਕਾਂ ਨੂੰ ਆਪਣੇ ਏਜੰਡੇ ਅੱਗੇ ਲਿਆਉਣੇ ਚਾਹੀਦੇ ਹਨ। ਨਿੱਜੀਕਰਨ ਦੇ ਕਦਮ ਵਾਪਸ ਲੈਣ ਅਤੇ ਦੇਸ਼ ਦੇ ਸੋਮੇ ਸਾਮਰਾਜੀ ਕੰਪਨੀਆਂ ਨੂੰ ਲੁਟਾਉਣ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਣੀ ਚਾਹੀਦੀ ਹੈ। ਇਸੇ ਦੌਰਾਨ ਲੋਕ ਪੱਖੀ ਰੁਜ਼ਗਾਰ ਨੀਤੀ, ਕਰਜ਼ਾ ਨੀਤੀ, ਸਿੱਖਿਆ ਨੀਤੀ, ਸਿਹਤ ਨੀਤੀ ਤੇ ਵਾਤਾਵਰਣ ਨੀਤੀ ਆਦਿ ਦੀ ਮੰਗ ਉੱਠਣੀ ਚਾਹੀਦੀ ਹੈ।
ਆਗੂਆਂ ਨੇ ਕਿਹਾ ਕਿ ਸੰਕਟਾਂ ਦੀ ਮਾਰ ਝੱਲ ਰਹੇ ਮਿਹਨਤਕਸ਼ ਲੋਕਾਂ ਦੇ ਦੁੱਖਾਂ ਦੀ ਦਾਰੂ ਵਿਧਾਨ ਸਭਾ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾਵਾਂ ਤਾਂ ਹਕੀਕਤ ਵਿਚ ਸਾਮਰਾਜੀਆਂ ਅਤੇ ਵੱਡੇ ਜਗੀਰਦਾਰਾਂ ਪੱਖੀ ਨੀਤੀਆਂ ਲੋਕਾਂ ਉੱਤੇ ਮੜ੍ਹਨ ਦਾ ਸਾਧਨ ਹਨ।