ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 23 ਜੁਲਾਈ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਕਰਜ਼ਾ ਮੁਆਫ਼ ਕਰਵਾਉਣ, ਮਗਨਰੇਗਾ ਅਤੇ ਰਾਸ਼ਨ ਕਾਰਡਾਂ ਵਿੱਚੋਂ ਕੱਟੇ ਨਾਮ ਬਹਾਲ ਕਰਵਾਉਣ ਲਈ ਦਿੱਤੇ ਸੂਬਾ ਪੱਧਰੀ ਸੱਦੇ ਤਹਿਤ ਤਹਿਸੀਲ ਪੱਧਰਾਂ ’ਤੇ ਦਿੱਤੇ ਜਾ ਰਹੇ ਧਰਨਿਆਂ ਦੀ ਤਿਆਰੀ ਮੁਹਿੰਮ ਤਹਿਤ ਪਿੰਡ ਮੁਨਸ਼ੀਵਾਲਾ ਅਤੇ ਕਾਲਾਝਾੜ ਵਿੱਚ ਰੈਲੀਆਂ ਕੀਤੀਆਂ ਗਈਆਂ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਸਿੰਘ ਅਤੇ ਸਕੱਤਰ ਬਲਜੀਤ ਸਿੰਘ ਨੇ ਕਿਹਾ ਕਿ ਲੌਕਡਾਊਨ ਦੌਰਾਨ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ 31 ਅਗਸਤ ਤੱਕ ਕਿਸ਼ਤਾਂ ਨਾ ਭਰਵਾਉਣ ਅਤੇ ਨਾ ਹੀ ਜੁਰਮਾਨਾ ਵਸੂਲਣ ਦੇ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਪਰ ਮਾਈਕਰੋ ਫਾਈਨਾਂਸ ਕੰਪਨੀਆਂ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਧੱਕੇ ਨਾਲ ਪਿੰਡਾਂ ਵਿੱਚ ਜਾ ਕੇ ਗੁੰਡਾਗਰਦੀ ’ਤੇ ਉਤਾਰੂ ਹੋ ਕੇ ਕਿਸ਼ਤਾਂ ਭਰਵਾ ਰਹੀਆਂ ਹਨ। ਆਗੂਆਂ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਨੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਡਿਫਾਲਟਰਾਂ ਦੇ 68000 ਹਜ਼ਾਰ ਕਰੋੜ ਮਾਫ ਕਰ ਦਿੱਤੇ ਗਏ ਹਨ, ਪਰ ਜਿਹੜੇ ਲੋੜਵੰਦ ਹਨ ਅਤੇ ਆਰਥਿਕ ਤੌਰ ਤੇ ਬੇਹੱਦ ਮਾੜੀ ਹਾਲਤ ਵਿੱਚੋਂ ਗੁਜ਼ਰ ਰਹੇ ਹਨ ਉਨ੍ਹਾਂ ਦੇ ਕਰਜ਼ੇ ਕਿਉਂ ਮੁਆਫ ਨਹੀਂ ਕੀਤੇ ਜਾ ਰਹੇ। ਮਜ਼ਦੂਰ ਆਗੂਆਂ ਨੇ ਕਿਹਾ ਕਿ ਮਗਨਰੇਗਾ ਕਾਮਿਆਂ ਨਾਲ ਕੰਮਕਾਰ ਸਬੰਧੀ ਵਿਤਕਰੇਬਾਰਜ਼ੀ ਹੋ ਰਹੀ ਹੈ।