ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਪਟਿਆਲਾ, 22 ਦਸੰਬਰ
ਸਾਲ 2011 ਤੋਂ ਚੱਲ ਰਿਹਾ ਵਿਸ਼ੇਸ਼ ਇੰਕਰੀਮੈਂਟ ਖੋਹਣ ਦੇ ਰੋਸ ਵਜੋਂ ਇੱਥੇ ਅੱਜ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰੰਜਾਬ ਵੱਲੋਂ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਨੂੰ ਯਾਦ ਪੱਤਰ ਭੇਜੇ ਗਏ।
ਇਸ ਦੌਰਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਕੁੱਲ ਹਿੰਦ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਫੈਡਰੇਸ਼ਨ ਦੇ ਸੱਦੇ ’ਤੇ ਕੀਤੀਆਂ ਗਈਆਂ ਇਨ੍ਹਾਂ ਰੈਲੀਆਂ ਦੀ ਵਰਚੁਅਲ ਅਗਵਾਈ ਆਲ ਇੰਡੀਆ ਫੈਡਰੇਸ਼ਨ ਦੇ ਚੇਅਰਮੈਨ ਅਤੇ ਖ਼ੁਦ ਸ੍ਰੀ ਲੁਬਾਣਾ ਅਤੇ ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਨੇ ਸਾਂਝੇ ਤੌਰ ’ਤੇ ਕੀਤੀ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਾਲ 2011 ਵਿੱਚ ਚੌਥਾ ਦਰਜਾ ਮੁਲਾਜ਼ਮਾਂ ਨੂੰ ਮਿਲਿਆ ਇੱਕ ਵਿਸ਼ੇਸ਼ ਇੰਕਰੀਮੈਂਟ ਵੀ ਨਵੇਂ ਤਨਖਾਹ ਸਕੇਲ ਰਾਹੀਂ ਖੋਹ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚੌਥਾ ਦਰਜਾ ਮੁਲਾਜ਼ਮਾਂ ਨੂੰ “ਡਾਇੰਗ ਕੇਡਰ” ਵਿੱਚ ਪਾ ਦਿੱਤਾ ਗਿਆ ਹੈ, ਕੇਂਦਰ ਸਰਕਾਰ ਦੇ ਪੈਟਰਨ ’ਤੇ ਮਲਟੀਟਾਸਕਿੰਗ ਵਰਕਰ ਦਾ ਅਹੁਦਾ ਸਿਰਜ ਦਿੱਤਾ ਗਿਆ ਹੈ ਅਤੇ ਤਨਖਾਹ ਸਕੇਲ 26000 ਤੋਂ ਘਟਾ ਕੇ ਕੇਂਦਰੀ ਪੈਟਰਨ ’ਤੇ 18000/- ਰੁਪਏ ਕਰ ਦਿੱਤਾ ਹੈ। ਚੌਥਾ ਦਰਜਾ ਮੁਲਾਜ਼ਮਾਂ ਦੀ ਤਰੱਕੀ ਦੇ ਰਾਹ ਬੰਦ ਕਰ ਦਿੱਤੇ ਗਏ ਹਨ। ਇਸ ਮੌਕੇ ਬਲਜਿੰਦਰ ਸਿੰਘ, ਰਾਮ ਲਾਲ ਰਾਮ, ਗੁਰਦਰਸ਼ਨ ਸਿੰਘ ਤੇ ਜਗਮੋਹਨ ਨੌਲੱਖਾ ਆਦਿ ਆਗੂ ਵੀ ਹਾਜ਼ਰ ਸਨ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਕਲਾਸ ਫੋਰਥ ਗੋਰਮਿੰਟ ਐਂਪਲਾਈਜ ਯੂਨੀਅਨ ਨੇ ਗਰੁੱਪ ‘ਡੀ’ ਕਰਮਚਾਰੀਆਂ ਨੂੰ ਦਸੰਬਰ-2011 ਵਿਚ ਮਿਲਿਆ ਵਿਸ਼ੇਸ਼ ਇੰਕਰੀਮੈਂਟ ਚੰਨੀ ਸਰਕਾਰ ਵੱਲੋਂ ਖੋਹੇ ਜਾਣ ਵਿਰੁੱਧ ਕਾਲੇ ਝੰਡਿਆਂ ਨਾਲ ਸਿਵਲ ਹਸਪਤਾਲ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਮੁੱਖ ਸਕੱਤਰ (ਵਿੱਤ) ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ।
ਇਸ ਦੌਰਾਨ ਸੰਬੋਧਨ ਕਰਦਿਆਂ ਕੁੱਲ ਹਿੰਦ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਫੈਡਰੇਸ਼ਨ ਦੇ ਮੀਤ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਚੰਨੀ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਵੱਡਾ ਫਰਕ ਹੈ। ਇਸ ਮੌਕੇ ਮੇਲਾ ਸਿੰਘ ਪੁੰਨਾਂਵਾਲ, ਸੀਤਾ ਰਾਮ ਸਰਮਾਂ, ਰਮੇਸ਼ ਕੁਮਾਰ, ਇੰਦਰ ਧੂਰੀ, ਵਿਜੈ ਮੱਟੂ ਤੇ ਤੋਤਾ ਖਾਂ ਆਦਿ ਵੀ ਸ਼ਾਮਲ ਸਨ।