ਪੱਤਰ ਪ੍ਰੇਰਕ
ਡਕਾਲਾ, 10 ਫਰਵਰੀ
ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਹਲਕਾ ਸਮਾਣਾ ਤੋਂ ਉਮੀਦਵਾਰ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਤਾਸ਼ ਤੇ ਕ੍ਰਿਕਟ ਖੇਡ ਕੇ ਚਰਨਜੀਤ ਚੰਨੀ ਕਦੇ ਵੀ ਪੰਜਾਬ ਦੇ ਮਸਲੇ ਹੱਲ ਨਹੀਂ ਕਰ ਸਕਦਾ। ਇਸ ਤੋਂ ਸਾਬਤ ਹੋ ਜਾਂਦਾ ਹੈ ਕਿ ਚੰਨੀ ਕੋਲ ਸਿਰਫ਼ ਲੋਕਾਂ ਨੂੰ ਭਰਮਾਉਣ ਤੋਂ ਸਿਵਾਏ ਹੋਰ ਕੋਈ ਠੋਸ ਵਿਜ਼ਨ ਨਹੀਂ ਹੈ। ਰੱਖੜਾ ਨੇ ਅੱਜ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੇੜੇ ਪੈਂਦੇ ਪਿੰਡ ਬਿਸ਼ਨਪੁਰਾ ਵਿੱਚ ਕਾਂਗਰਸੀ ਵਰਕਰਾਂ ਨੂੰ ਅਕਾਲੀ ਦਲ ’ਚ ਸ਼ਾਮਲ ਕਰਨ ਦੌਰਾਨ ਕੀਤਾ। ਇਸ ਦੌਰਾਨ ਰੱਖੜਾ ਵੱਲੋਂ ਡਕਾਲਾ, ਕਲੱਰਭੈਣੀ ਤੇ ਹੋਰਨਾਂ ਪਿੰਡਾਂ ਵਿੱਚ ਵੀ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਰੱਖੜਾ ਨੇ ਬੀਬੀ ਸੰਦੀਪ ਕੌਰ ਦੀ ਅਗਵਾਈ ਹੇਠ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਿਮਰਜੀਤ ਕੌਰ, ਸਾਂਤੀ ਦੇਵੀ, ਰਿਸ਼ੀ ਰਾਣੀ, ਪੂਰਨ ਸਿੰਘ, ਹਰਸ਼ਦੀਪ, ਮਨਦੀਪ ਸਿੰਘ, ਹਰਜੀਤ ਕੌਰ ਆਦਿ ਨੂੰ ਪਾਰਟੀ ਅੰਦਰ ਬਣਦਾ ਮਾਣ ਸਨਮਾਨ ਦੇਣ ਦਾ ਵਾਅਦਾ ਕੀਤਾ। ਰੱਖੜਾ ਨੇ ਕਿਹਾ ਕਿ ਚੰਨੀ ਸਿਰਫ਼ ਤਾਸ਼, ਕ੍ਰਿਕਟ ਖੇਡਣ ਲਈ ਹੀ ਬਣਿਆ ਹੈ, ਮੁੱਖ ਮੰਤਰੀ ਬਣਨ ਵਾਲੀ ਉਸ ਅੰਦਰ ਕੋਈ ਵੀ ਕਾਬਲੀਅਤ ਨਹੀਂ ਹੈ। ਇਸ ਲਈ ਪੰਜਾਬ ਦੇ ਲੋਕ ਇਸ ਵਾਰ ਕਾਂਗਰਸ ਨੂੰ ਕਰਾਰੀ ਹਾਰ ਦੇਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਸਪਾ ਹੀ ਲੋਕਾਂ ਦੀ ਅਸਲ ਨੁਮਾਇੰਦਗੀ ਕਰਨ ਦੇ ਯੋਗ ਹੈ।