ਪੱਤਰ ਪ੍ਰੇਰਕ
ਸ਼ੇਰਪੁਰ, 10 ਮਈ
ਹਲਕਾ ਧੂਰੀ ਨਾਲ ਸਬੰਧਤ ਤੇਰਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਫ਼ੀਸਾਂ ਭਰਨ ਦੇ ਕੀਤੇ ਵਾਅਦੇ ਨੂੰ ਲਾਗੂ ਕਰਦਿਆਂ ਅੱਜ ਰਾਇਸੀਲਾ ਫਾਊਂਡੇਸ਼ਨ ਧੂਰੀ ਵੱਲੋਂ ਐੱਮਡੀ ਪ੍ਰਸ਼ੋਤਮ ਦਾਸ ਕਾਲਾ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਪੁੰਨੂੰ ਕਾਤਰੋਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਦੀ ਵਿਦਿਆਰਥੀਆਂ ਦੀ ਬਣਦੀ 2 ਲੱਖ, 30 ਹਜ਼ਾਰ, 136 ਰੁਪਏ ਦੀ ਰਾਸ਼ੀ ਦਾ ਚੈੱਕ ਇੰਚਾਰਜ ਪ੍ਰਿੰਸੀਪਲ ਰੀਤਾ ਰਾਣੀ ਨੂੰ ਭੇਟ ਕੀਤਾ। ਇਸ ਮੌਕੇ ਐੱਮਡੀ ਪਰਸ਼ੋਤਮ ਦਾਸ ਕਾਲਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਉਪ-ਚੇਅਰਮੈਨ ਬਲਵਿੰਦਰ ਕੁਮਾਰ ਬਬਲੂ, ਲੈਕਚਰਾਰ ਅਮਨਦੀਪ ਪਾਠਕ, ਕੁਲਵਿੰਦਰ ਸਿੰਘ ਪੀਟੀਆਈ, ਮੀਨਾ ਗੋਇਲ ਤੇ ਅੰਮ੍ਰਿਤ ਕੌਰ ਹਾਜ਼ਰ ਸਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਦੇ ਇੰਚਾਰਜ ਪ੍ਰਿੰਸੀਪਲ ਭੁਪਿੰਦਰ ਸਿੰਘ ਨੇ ਫਾਊਂਡੇਸ਼ਨ ਨੂੰ ਅਪੀਲ ਕੀਤੀ ਕਿ ਉਕਤ ਸਕੂਲ ਨੂੰ ਇਸ ਘੇਰੇ ਵਿੱਚ ਜ਼ਰੂਰ ਲਿਆਂਦਾ ਜਾਵੇ।