ਪੱਤਰ ਪ੍ਰੇਰਕ
ਨਾਭਾ, 31 ਮਈ
ਸਿਵਲ ਹਸਪਤਾਲ ਨਾਭਾ ਵਿੱਚ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ ਅਤੇ ਜਾਗਰੂਕਤਾ ਰੈਲੀ ਕੱਢੀ ਗਈ। ਐੱਸ.ਐਮ.ਓ. ਡਾ. ਦਲਬੀਰ ਕੌਰ ਨੇ ਕਿਹਾ ਕਿ ਸਾਰਿਆਂ ਨੂੰ ਤੰਬਾਕੂ ਪਦਾਰਥਾਂ ਦਾ ਸੇਵਨ ਨਾ ਕਰਨ ਅਤੇ ਹੋਰਨਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਖ਼ਿਲਾਫ਼ ਜਾਗਰੂਕ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ। ਇਸ ਨਾਲ ਤੰਦਰੁਸਤ ਅਤੇ ਤੰਬਾਕੂ ਮੁਕਤ ਸਮਾਜ ਬਣਾ ਕੇ ਆਉਣ ਵਾਲੀ ਪੀੜ੍ਹੀ ਨੂੰ ਇਸ ਦੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਕੈਂਸਰ ਦੇ ਕੁੱਲ ਕੇਸਾਂ ਵਿੱਚੋਂ 40 ਪ੍ਰਤੀਸ਼ਤ ਕੇਸ ਤੰਬਾਕੂ ਸੇਵਨ ਕਰਨ ਨਾਲ ਹੁੰਦੇ ਹਨ।। ਡੀਐਮਈਆਈਓ ਕਰਨੈਲ ਸਿੰਘ ਨੇ ਕਿਹਾ ਤੰਬਾਕੂ ਛੱਡਣ ਲਈ ਨੇੜੇ ਦੇ ਤੰਬਾਕੂ ਛੁਡਾਉ ਕੇਂਦਰਾਂ ਵਿੱਚ ਸੰਪਰਕ ਕਰਨਾ ਚਾਹੀਦਾ ਹੈ। ਇਸ ਮੌਕੇ ਨਰਸਿੰਗ ਸਿਖਿਆਰਥਣਾਂ ਦਾ ਤੰਬਾਕੂ ਵਿਰੋਧੀ ਪੋਸਟਰ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਮਨਪ੍ਰੀਤ ਕੌਰ ਨੇ ਪਹਿਲਾ ਅਤੇ ਸੁਮਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਦੇਵੀਗੜ੍ਹ (ਪੱਤਰ ਪ੍ਰੇਰਕ): ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿੱਚ ਇੰਚਾਰਜ ਡਾ. ਸੁਰਜੀਤ ਸਿੰਘ ਪੁਆਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਲਜ ਦੇ ਐੱਨ.ਐੱਸ.ਐੱਸ ਯੂਨਿਟ ਵਲੋਂ ਪੋਸਟਰ ਬਣਾਉਣ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਭਾਸ਼ਣ ਮੁਕਾਬਲਿਆਂ ਵਿਚ ਨੇਹਾ ਰਾਣੀ ਨੇ ਪਹਿਲਾ, ਪੂਜਾ ਦੇਵੀ ਨੇ ਦੂਜਾ ਤੇ ਦੁਪਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੁਕਾਬਲੇ ਵਿਚ ਸਾਹਿਲ ਕੁਮਾਰ ਨੇ ਪਹਿਲਾ, ਵਿਨੈ ਕੁਮਾਰ ਨੇ ਦੂਜਾ ਅਤੇ ਹਰਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਤੋਂ ਪਹਿਲਾਂ ਸਹੁੰ ਚੁਕਾਈ ਗਈ। ਇਸ ਮੌਕੇ ਅਸਿਸਟੈਂਟ ਪ੍ਰੋਫੈਸਰ ਗੁਰਵਿੰਦਰ ਕੌਰ, ਅਸਿਸਟੈਂਟ ਪ੍ਰੋਫੈਸਰ ਪੂਨਮ, ਅਸਿਸਟੈਂਟ ਪ੍ਰੋਫੈਸਰ ਵਰਿੰਦਰ ਸਿੰਘ, ਡਾ. ਹਰਜੀਤ ਕੌਰ ਅਤੇ ਡਾ ਰਾਜਿੰਦਰ ਸਿੰਘ ਸੋਹਲ ਆਦਿ ਹਾਜ਼ਰ ਸਨ।
ਸ਼ੇਰਪੁਰ (ਪੱਤਰ ਪ੍ਰੇਰਕ): ਸਿਹਤ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ ਅਤੇ ਰਾਜੋਮਾਜਰਾ ਵਿੱਚ ਵਿਦਿਆਰਥੀਆਂ ਨੂੰ ਤੰਬਾਕੂ ਖ਼ਿਲਾਫ਼ ਜਾਗਰੂਕ ਕੀਤਾ ਗਿਆ। ਐੱਸਐੱਮਓ ਡਾਕਟਰ ਕਿਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਵਾਤਾਵਰਨ ਅਤੇ ਸਿਹਤ ’ਤੇ ਪੈਂਦੇ ਦੁਰਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਸਿਹਤ ਵਿਭਾਗ ਦੇ ਕਈ ਮੁਲਾਜ਼ਮ ਤੇ ਪਤਵੰਤੇ ਹਾਜ਼ਰ ਸਨ।