ਹਰਦੀਪ ਸਿੰਘ ਸੋਢੀ
ਧੂਰੀ, 10 ਜੁਲਾਈ
ਸੰਗਰੂਰ ਬਾਈਪਾਸ ਤੋਂ ਲੈ ਕੇ ਮਾਲੇਰਕੋਟਲਾ ਬਾਈਪਾਸ ਤੱਕ ਸੜਕ ਨੂੰ ਚਾਰਮਾਰਗੀ ਕਰਨ ਦੇ ਚੱਲ ਰਹੇ ਕੰਮ ’ਚ ਵਰਤੀ ਗਈ ਅਣਗਹਿਲੀ ਉਸ ਸਮੇਂ ਸਾਹਮਣੇ ਆਈ, ਜਦੋਂ ਲੰਘੇ ਦਿਨ ਹੋਈ ਬਰਸਾਤ ਤੋਂ ਬਾਅਦ ਸੰਗਰੂਰ ਬਾਈਪਾਸ ਤੋਂ ਕੱਕੜਵਾਲ ਚੌਕ ਤੱਕ ਚੌੜੀ ਕੀਤੀ ਗਈ ਸੜਕ ਉੱਪਰ ਬਰਸਾਤ ਦਾ ਪਾਣੀ ਇਕੱਤਰ ਹੋ ਗਿਆ। ਕਰੀਬ 4 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੀ ਇਸ ਸੜਕ ਉੱਪਰ ਪਾਣੀ ਖੜ੍ਹਨ ਦੇ ਮਾਮਲੇ ਸਬੰਧੀ ਭਾਜਪਾ ਆਗੂ ਵਿਕੀ ਪਰੋਚਾ ਨੇ ਕਿਹਾ ਕਿ ਸੰਗਰੂਰ ਬਾਈਪਾਸ ਤੋਂ ਲੈ ਕੇ ਕੱਕੜਵਾਲ ਚੌਕ ਹੁੰਦੇ ਹੋਏ ਓਵਰਬ੍ਰਿਜ ਤੱਕ ਵਿਭਾਗ ਵੱਲੋਂ ਸੜਕ ਦੇ ਦੋਵੇਂ ਪਾਸਿਉਂ ਬਰਸਾਤੀ ਨਾਲਿਆਂ ਨੂੰ ਬੰਦ ਕਰਕੇ ਭਾਵੇਂ ਇਸ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ ਪ੍ਰੰਤੂ ਪਾਣੀ ਦੀ ਨਿਕਾਸੀ ਸਬੰਧੀ ਵਿਭਾਗ ਵੱਲੋਂ ਕੋਈ ਬਦਲਵਾਂ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਲੰਘੇ ਦਿਨ ਹੋਈ ਬਰਸਾਤ ਦੌਰਾਨ ਪਾਣੀ ਸੜਕ ਉੱਪਰ ਜਮ੍ਹਾਂ ਹੋ ਗਿਆ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੰਗਰੂਰ ਬਾਈਪਾਸ ਤੋਂ ਓਵਰਬ੍ਰਿਜ ਤੱਕ ਵੀ ਬਰਸਾਤੀ ਨਾਲਿਆਂ ਨੂੰ ਪੁੱਟ ਕੇ ਸੜਕ ਨੂੰ ਚੌੜਾ ਕਰਨ ਦੇ ਕੰਮ ਦੀ ਸੁਸਤ ਰਫਤਾਰੀ ਕਾਰਨ ਇੱਥੇ ਕਿਸੇ ਵੀ ਸਮੇਂ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕੰਮ ਦੀ ਅਲਾਟਮੈਂਟ ਅਨੁਸਾਰ ਇਹ ਨਿਰਮਾਣ ਕਾਰਜ 6 ਮਹੀਨਿਆਂ ’ਚ ਪੂਰਾ ਹੋਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋਇਆ ਅਤੇ ਜੇਕਰ ਵਿਭਾਗ ਇਸ ਕੰਮ ਨੂੰ ਤੈਅ ਸਮੇਂ ’ਚ ਬਰਸਾਤ ਤੋਂ ਪਹਿਲਾਂ ਪੂਰਾ ਕਰਨ ਵਿੱਚ ਅਸਮਰਥ ਸੀ ਤਾਂ ਵਿਭਾਗ ਵੱਲੋਂ ਦੋਵੇਂ ਪਾਸਿਉਂ ਬਰਸਾਤੀ ਨਾਲਿਆਂ ਨੂੰ ਪੁੱਟ ਕੇ ਕਿਉਂ ਛੱਡਿਆ ਗਿਆ? ਉਨ੍ਹਾਂ ਇਹ ਵੀ ਕਿਹਾ ਕਿ ਬਰਸਾਤ ਦੇ ਮੌਸਮ ਕਾਰਨ ਜੇਕਰ ਹਾਲੇ ਇੱਥੇ ਨਿਰਮਾਣ ਪੂਰਾ ਕਰਨਾ ਮੁਮਕਿਨ ਨਹੀਂ ਹੈ ਤਾਂ ਵਿਭਾਗ ਫੌਰੀ ਪਾਣੀ ਦੀ ਨਿਕਾਸੀ ਲਈ ਕੋਈ ਹੋਰ ਪੁਖਤਾ ਪ੍ਰਬੰਧ ਕਰੇ ਅਤੇ ਸੜਕ ਨੂੰ ਪਹਿਲਾਂ ਵਾਂਗ ਸੀਮਿੰਟ ਵਾਲੀ ਟਾਇਲ ਨਾਲ ਢੱਕਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸੜਕ ਨਿਰਮਾਣ ’ਚ ਵਰਤੀ ਗਈ ਅਣਗਹਿਲੀ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ ਤੇ ਚੰਗੀ ਗੁਣਵੱਤਾ ਵਾਲੀ ਸੜਕ ਨਾ ਬਣਾਈ ਗਈ ਤਾਂ ਉਹ ਸੰਘਰਸ਼ ਵਿੱਢਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।
ਨਿਕਾਸੀ ਪ੍ਰਬੰਧ ਲਈ ਕੀਤੇ ਜਾ ਰਹੇ ਨੇ ਉਪਰਾਲੇ: ਐਕਸੀਅਨ
ਐਕਸੀਅਨ ਬੀ.ਆਰ ਸੈਣੀ ਨੇ ਕਿਹਾ ਕਿ ਸੰਗਰੂਰ ਬਾਈਪਾਸ ਤੋਂ ਕੱਕੜਵਾਲ ਚੌਕ ਤੱਕ ਹਾਲੇ ਇਕ ਲੇਅਰ ਹੋਰ ਪਾਈ ਜਾਣੀ ਹੈ ਅਤੇ ਪਾਣੀ ਦੀ ਨਿਕਾਸੀ ਦੇ ਬਾਰੇ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ, ਜਦੋਂ ਕਿ ਮਾਲੇਰਕੋਟਲਾ ਬਾਈਪਾਸ ਤੋਂ ਓਵਰਬ੍ਰਿਜ ਤੱਕ ਕੰਮ ਜਲਦ ਮੁਕੰਮਲ ਕਰ ਲਿਆ ਜਾਵੇਗਾ।