ਨਸ਼ਿਆਂ ਵਿਰੁੱਧ ਪਿੰਡਾਂ ਤੇ ਜਨਤਕ ਥਾਵਾਂ ’ਤੇ ਛਾਪੇ : The Tribune India

ਨਸ਼ਿਆਂ ਵਿਰੁੱਧ ਪਿੰਡਾਂ ਤੇ ਜਨਤਕ ਥਾਵਾਂ ’ਤੇ ਛਾਪੇ

ਨਸ਼ਿਆਂ ਵਿਰੁੱਧ ਪਿੰਡਾਂ ਤੇ ਜਨਤਕ ਥਾਵਾਂ ’ਤੇ ਛਾਪੇ

ਧੂਰੀ ਦੇ ਰੇਲਵੇ ਸਟੇਸ਼ਨ ’ਤੇ ਚੈਕਿੰਗ ਕਰਦੇ ਹੋਏ ਪੰਜਾਬ ਪੁਲੀਸ ਦੇ ਮੁਲਾਜ਼ਮ। -ਫੋਟੋ: ਸੋਢੀ

ਨਿਜੀ ਪੱਤਰ ਪ੍ਰੇਰਕ

ਸੰਗਰੂਰ, 7 ਦਸੰਬਰ

ਆਬਕਾਰੀ ਵਿਭਾਗ ਦੀਆਂ ਟੀਮਾਂ ਵਲੋਂ ਨਾਜਾਇਜ਼ ਸ਼ਰਾਬ ਤਸਕਰੀ ਨੂੰ ਰੋਕਣ ਲਈ ਵੱਖ-ਵੱਖ ਪਿੰਡਾਂ ਵਿਚ ਛਾਪੇ ਮਾਰ ਕੇ 11 ਪੇਟੀਆਂ ਸ਼ਰਾਬ ਅਤੇ 100 ਲੀਟਰ ਲਾਹਣ ਬਰਾਮਦ ਕੀਤੀ ਗਈ। ਆਬਕਾਰੀ ਵਿਭਾਗ ਅਨੁਸਾਰ ਨਾਜਾਇਜ਼ ਸ਼ਰਾਬ ਤਸਕਰੀ ਰੋਕਣ ਲਈ ਅੱਗੇ ਵੀ ਅਜਿਹੀ ਕਾਰਵਾਈ ਜਾਰੀ ਰਹੇਗੀ।

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼ਲਿਨ ਆਹਲੂਵਾਲੀਆ, ਉਪ ਕਮਿਸ਼ਨਰ (ਆਬਕਾਰੀ), ਫਿਰੋਜ਼ਪੁਰ ਜ਼ੋਨ, ਫਿਰੋਜ਼ਪੁਰ ਦੀਆਂ ਹਦਾਇਤਾਂ ਅਨੁਸਾਰ ਸੰਗਰੂਰ ਜ਼ਿਲ੍ਹੇ ਵਿੱਚ ਨਾਜਾਇਜ਼ ਸ਼ਰਾਬ ਦੀ ਤਸਕਰੀ ਅਤੇ ਵਿਕਰੀ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਆਬਕਾਰੀ ਚੰਦਰ ਮਹਿਤਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਅੱਜ ਤੇਜਿੰਦਰ ਗਰਗ, ਆਬਕਾਰੀ ਅਫਸਰ ਮਨੋਜ ਕੁਮਾਰ, ਆਬਕਾਰੀ ਨਿਰੀਖਕ, ਸੰਗਰੂਰ ਅਤੇ ਰਾਕੇਸ਼ ਕੁਮਾਰ, ਆਬਕਾਰੀ ਨਿਰੀਖਕ, ਸੁਨਾਮ ਵੱਲੋਂ ਸੈਂਸੀ ਬਸਤੀ ਸੁਨਾਮ, ਪਿੰਡ ਤੁੰਗਾਂ, ਕੁਲਾਰ ਖੁਰਦ ਅਤੇ ਖੇੜੀ ਵਿਖੇ ਸ਼ੱਕੀ ਘਰਾਂ ਦੀ ਤਲਾਸ਼ੀ ਕੀਤੀ ਗਈ, ਜਿਸ ਦੌਰਾਨ ਪਵਿੱਤਰ ਸਿੰਘ ਉਰਫ ਗੋਲੂ ਪਿੰਡ ਕੁਲਾਰ ਖੁਰਦ ਦੇ ਘਰੋਂ 10 ਪੇਟੀਆਂ ਦੇਸੀ ਸ਼ਰਾਬ ਮਾਰਕਾ ਸੌਫੀਂਆ ਜੁਗਨੀ (ਹਰਿਆਣਾ), ਇੱਕ ਪੇਟੀ ਅੰਗਰੇਜ਼ੀ ਸ਼ਰਾਬ ਮਾਰਕਾ 999 (ਚੰਡੀਗੜ੍ਹ) ਅਤੇ 100 ਲੀਟਰ ਲਾਹਣ ਦੀ ਰਿਕਵਰੀ ਕੀਤੀ ਗਈ ਹੈ ਅਤੇ ਥਾਣਾ ਸਦਰ ਸੰਗਰੂਰ ਵਿਖੇ ਕੇਸ ਦਰਜ ਕਰਵਾਇਆ ਗਿਆ ਹੈ। ਸ੍ਰੀ ਚੰਦਰ ਮਹਿਤਾ, ਸਹਾਇਕ ਕਮਿਸ਼ਨਰ (ਆਬਕਾਰੀ) ਸੰਗਰੂਰ ਰੇਂਜ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਸ੍ਰੀ ਚੰਦਰ ਮਹਿਤਾ ਨੇ ਦੱਸਿਆ ਕਿ ਆਬਕਾਰੀ ਵਿਭਾਗ, ਪੰਜਾਬ ਵੱਲੋਂ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਵਿਅਕਤੀ ਦੀ ਸੂਚਨਾ ਦੇਣ ਲਈ ਇੱਕ ਹੈਲਪ ਲਾਈਨ ਜਾਰੀ ਕੀਤਾ ਗਿਆ ਹੈ, ਜਿਸ ਦਾ ਨੰਬਰ 98759-61126 ਹੈ ਅਤੇ ਜੋ ਵੀ ਵਿਅਕਤੀ ਇਸ ਹੈਲਪ ਲਾਈਨ ’ਤੇ ਸੂਚਨਾ ਮੁਹੱਈਆ ਕਰਵਾਉਂਦਾ ਹੈ, ਉਸ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ।

ਸੰਗਰੂਰ ਦੇ ਪਿੰਡਾਂ ਵਿੱਚ ਮਾਰੇ ਛਾਪਿਆਂ ਦੌਰਾਨ ਘਰਾਂ ’ਚੋਂ ਬਰਾਮਦ ਕੀਤੀਆਂ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਤੇ ਲਾਹਣ। -ਫੋਟੋ: ਲਾਲੀ

ਧੂਰੀ (ਖੇਤਰੀ ਪ੍ਰਤੀਨਿਧ): ਥਾਣਾ ਸਿਟੀ ਧੁੂਰੀ ਦੀ ਪੁਲੀਸ ਵੱਲੋਂ ਅੱਜ ਸਥਾਨਕ ਰੇਲਵੇ ਸਟੇਸ਼ਨ, ਬੱਸ ਸਟੈਂਡ ਸਮੇਤ ਹੋਰ ਕਈ ਜਨਤਕ ਥਾਵਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਡੀਐਸਪੀ ਧੂਰੀ ਯੋਗੇਸ਼ ਸ਼ਰਮਾ, ਡੀਐਸਪੀ ਸੰਗਰੂਰ ਪਰਮਿੰਦਰ ਸਿੰਘ ਗਰੇਵਾਲ ਅਤੇ ਐਸਐਚਓ ਸਿਟੀ ਰਮਨਦੀਪ ਸਿੰਘ ਬਾਵਾ ਸਮੇਤ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਨੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ’ਤੇ ਵੱਖ-ਵੱਖ ਥਾਵਾਂ ’ਤੇ ਖੜ੍ਹੇ ਵਾਹਨਾਂ ਨੂੰ ਚੈਕ ਕੀਤਾ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ। ਪੁਲੀਸ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਮਾਜ ਵਿੱਚ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਪੁਲੀਸ ਦਾ ਸਾਥ ਦੇਣ।

ਸਮਾਣਾ (ਪੱਤਰ ਪ੍ਰੇਰਕ): ਇਥੇ ਐਸ ਪੀ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਦਰਜਨਾਂ ਪੁਲੀਸ ਮੁਲਾਜ਼ਮਾਂ ਨੇ ਬੱਸ ਸਟੈਂਡ ਅੰਦਰ ਖੜ੍ਹੇ ਲੋਕਾਂ ਦੀ ਚੈਕਿੰਗ ਕੀਤੀ। ਇਸ ਮੌਕੇ ਡੀਐਸਪੀ ਸੋਰਵ ਜਿੰਦਲ ਨੇ ਦੱਸਿਆ ਕਿ ਉੱਚ ਅਫਸਰਾਂ ਦੇ ਹੁਕਮਾਂ ਤਹਿਤ ਬੱਸ ਸਟੈਂਡ ਵਿਚ ਚੈਕਿੰਗ ਦੌਰਾਨ ਕੁਝ ਵਾਹਨਾਂ ਦੇ ਦਸਤਾਵੇਜ਼ ਘੱਟ ਹੋਣ ਕਾਰਨ ਉਨ੍ਹਾਂ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਨਤਕ ਥਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਹ ਰੂਟੀਨ ਚੈਕਿੰਗ ਜਾਰੀ ਰਹੇਗੀ। ਇਸ ਮੌਕੇ ਥਾਣਾ ਸਦਰ ਮੁਖੀ, ਥਾਣਾ ਸਿਟੀ ਅਤੇ ਸੀ ਆਈ ਸਟਾਫ ਦੇ ਮੁਲਾਜ਼ਮ ਹਾਜ਼ਰ ਸਨ।

ਡੇਢ ਕਿਲੋ ਅਫੀਮ ਸਮੇਤ ਦੋ ਗ੍ਰਿਫ਼ਤਾਰ 

ਅਮਰਗੜ੍ਹ (ਪੱਤਰ ਪ੍ਰੇਰਕ): ਡੀਐਸਪੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਐਸਐਸਪੀ ਅਵਨੀਤ ਕੌਰ ਸਿੱਧੂ ਅਤੇ ਏਆਈਜੀ ਡਾ. ਸਿਮਰਤ ਕੌਰ ਪਟਿਆਲਾ ਵੱਲੋਂ ਚਲਾਈ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਤੇ ਕਾਊਂਟਰ ਇੰਟੈਲੀਜੈਂਸ ਸੰਗਰੂਰ ਵੱਲੋਂ ਸਾਂਝੇ ਅਪਰੇਸ਼ਨ ਕਰਕੇ ਪਿੰਡ ਬਾਗੜੀਆਂ ਵਿੱਚ ਗੁਰਦੁਆਰੇ ਦੇ ਨਜ਼ਦੀਕ ਪੁਲੀਸ ਨੇ ਨਾਕੇ ਦੌਰਾਨ ਕਾਰ ਸਮੇਤ ਦੋ ਮੁਲਜ਼ਮਾਂ ਨੂੰ  ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੋਂ ਡੇਢ ਕਿਲੋ ਅਫੀਮ ਬਾਰਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਹਰਜਿੰਦਰ ਸਿੰਘ ਤੇ ਸਤਵਿੰਦਰ ਸਿੰਘ ਵਾਸੀ ਈਸਾਪੁਰ ਲੰਡਾ ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫਤਾਰ ਕਰ ਲਿਆ ਹੈ। 

ਪੰਜਾਹ ਕਿੱਲੋ ਭੁੱਕੀ ਸਮੇਤ ਦੋ ਵਿਅਕਤੀ ਗ੍ਰਿਫਤਾਰ 

ਘਨੌਰ (ਪੱਤਰ ਪ੍ਰੇਰਕ):  ਇਸ ਖੇਤਰ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ 50 ਕਿੱਲੋ ਭੁੱਕੀ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਖੇੜੀ ਗੰਡਿਆਂ ਦੀ ਇੰਸਪੈਕਟਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਪੁਲੀਸ ਨੇ ਗਸ਼ਤ ਦੌਰਾਨ ਜਦੋਂ ਇੱਕ ਸ਼ੱਕੀ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਕਾਰ ਵਿੱਚੋਂ 40 ਕਿੱਲੋ ਭੁੱਕੀ ਚੂਰਾ/ਪੋਸਤ ਬਰਾਮਦ ਹੋਈ। ਪੁਲੀਸ ਨੇ ਕਾਰ ਸਵਾਰ ਸ਼ੀਸ਼ਾ ਸਿੰਘ ਵਾਸੀ ਪਿੰਡ ਗੋਪਾਲਪੁਰ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਕਿ ਥਾਣਾ ਸ਼ੰਭੂ ਦੇ ਸਹਾਇਕ ਥਾਣੇਦਾਰ ਬਲਕਾਰ ਸਿੰਘ ਸਮੇਤ ਪੁਲੀਸ ਪਾਰਟੀ ਨੇ ਪਿੰਡ ਬਪਰੌਰ ਨੇੜੇ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਵਿਅਕਤੀ ਦੀਪਕ ਕੁਮਾਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲ੍ਹੋਂ 10 ਕਿੱਲੋ ਭੁੱਕੀ ਚੂਰਾ ਬਰਾਮਦ ਹੋਣ ’ਤੇ ਪੁਲੀਸ ਨੇ ਉਸ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਦੋਵੇਂ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣ ’ਤੇ ਸ਼ੀਸ਼ਾ ਸਿੰਘ ਨੂੰ ਦੋ ਦਿਨ ਅਤੇ ਦੀਪਕ ਕੁਮਾਰ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All