ਪੱਤਰ ਪ੍ਰੇਰਕ
ਭਵਾਨੀਗੜ੍ਹ, 19 ਜੂਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਨਜ਼ਰਬੰਦ ਜਗਤਾਰ ਸਿੰਘ ਤਾਰਾ ਸਮੇਤ ਕਈ ਬੰਦੀ ਸਿੰਘਾਂ ਦੀ ਕਾਨੂੰਨੀ ਲੜਾਈ ਲੜ ਰਹੇ ਐਡਵੋਕੇਟ ਸਿਮਰਨਜੀਤ ਸਿੰਘ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਸੰਗਰੂਰ ਜ਼ਿਮਨੀ ਚੋਣ ’ਚ ਉਤਰੇ ਸਿਮਰਨਜੀਤ ਸਿੰਘ ਮਾਨ ਨੂੰ ਕਈ ਦਹਾਕਿਆਂ ਤੋਂ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਵਾਲੇ ਜਰਨੈਲ ਦਾ ਖਿਤਾਬ ਦਿੰਦਿਆਂ ਕਾਂਗਰਸ, ਭਾਜਪਾ ਅਤੇ ‘ਆਪ’ ਨੂੰ ਪੰਜਾਬ ਤੇ ਸਿੱਖ ਵਿਰੋਧੀ ਸੋਚ ਵਾਲੀਆਂ ਪਾਰਟੀਆਂ ਗਰਦਾਨਿਆ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਸਿਮਰਨਜੀਤ ਮਾਨ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉੁਨ੍ਹਾਂ ਕਿਹਾ ਕਿ ਬਾਦਲ ਦਲ ਉਕਤ ਪਾਰਟੀਆਂ ਨਾਲ ਮਿਲੀਭੁਗਤ ਕਰਕੇ ਸਿੱਖਾਂ ਦੇ ਹਿੱਤਾਂ ਨੂੰ ਢਾਹ ਲਾ ਰਿਹਾ ਹੈ। ਐਡਵੋਕੇਟ ਸਿਮਰਨਜੀਤ ਨੇ ਕਿਹਾ ਸੰਗਰੂਰ ਜ਼ਿਮਨੀ ਚੋਣ ਜਿੱਤਣ ਨਾਲ ਬੰਦੀ ਸਿੰਘਾਂ ਦੀ ਰਿਹਾਈ ਸੌਖੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬਾਦਲ ਦਲ ਨੇ ਬੀਬੀ ਰਾਜੋਆਣਾ ਨੂੰ ਉਮੀਦਵਾਰ ਬਣਾ ਕੇ ਸਿੱਖਾਂ ਵਿੱਚ ਆਪਸੀ ਮਤ-ਭੇਦ ਪੈਦਾ ਕਰਨ ਦੀ ਚਾਲ ਖੇਡੀ ਹੈ। ਉਨ੍ਹਾਂ ਕਿਹਾ ਕਿ ਬੀਬੀ ਰਾਜੋਆਣਾ ਨੂੰ ਇਸ ਚਾਲ ਵਿੱਚ ਨਹੀ ਫ਼ਸਣਾ ਚਾਹੀਦਾ ਸੀ। ਐਡਵੋਕੇਟ ਸਿਮਰਨਜੀਤ ਨੇ ਕਿਹਾ ਕਿ ਦਸ ਸਾਲ ਅਕਾਲੀ-ਭਾਜਪਾ ਸਰਕਾਰ ਵੇਲੇ ਬਾਦਲਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਉਨ੍ਹਾਂ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਬੋਲਦਿਆਂ ਕਿਹਾ ਕਿ ਉਹ ਕੇਜਰੀਵਾਲ ਨਾਲ ਮਿਲ ਕੇ ਪੰਜਾਬ ਅੰਦਰ ਸਿੱਖ ਨੌਜਵਾਨਾਂ ਪ੍ਰਤੀ ਗ਼ਲਤ ਮਾਹੌਲ ਪੈਦਾ ਕਰ ਰਿਹਾ ਹੈ।