ਰਵੇਲ ਸਿੰਘ ਭਿੰਡਰ
ਪਟਿਆਲਾ, 10 ਜੂਨ
ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਦੁਪਹਿਰ ਦੌਰਾਨ ਦਿੱਤੇ ਜਾ ਰਹੇ ਰੋਸ ਧਰਨੇ ਦਾ ਰੁਖ਼ ਵਾਈਸ ਚਾਂਸਲਰ ਡਾ. ਬੀ.ਐਸ. ਘੁੰਮਣ ਦੀ ਕੈਂਪਸ ਵਿਚਲੀ ਰਿਹਾਇਸ਼ ਨੂੰ ਮੋੜ ਲਿਆ। ਪੂਟਾ ਨੁਮਾਇੰਦੇ ਸਵੇਰੇ ਗਿਆਰਾਂ ਵਜੇ ਪਹਿਲਾਂ ਰੋਜ਼ਾਨਾ ਵਾਂਗ ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਵਜੋਂ ਇਕੱਤਰ ਹੋਏ ਤੇ ਇਸ ਮਗਰੋਂ ਰੋਸ ਮਾਰਚ ਕੱਢਦਿਆਂ ਧਰਨੇ ਦੀ ਸਮਾਪਤੀ ਵਾਈਸ ਚਾਂਸਲਰ ਦੀ ਯੂਨੀਵਰਸਿਟੀ ਵਿਚਲੀ ਸਰਕਾਰੀ ਰਿਹਾਇਸ਼ ਅੱਗੇ ਕੀਤੀ ਗਈ।
ਇਸੇ ਰੋਸ ਪ੍ਰੋਗਰਾਮ ਤਹਿਤ ਅਧਿਆਪਕਾਂ ਨੇ ਯੂਨੀਵਰਸਿਟੀ ਵਿੱਚ ਰੋਸ ਮਾਰਚ ਕੱਢਦਿਆਂ ਜੋਰਦਾਰ ਨਾਅਰੇਬਾਜ਼ੀ ਜਰੀਏ ਆਪਣੇ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ। ਦੱਸਣਯੋਗ ਹੈ ਕਿ ਪੂਟਾ ਵੱਲੋਂ ਰੋਸ ਧਰਨੇ 2 ਜੂਨ ਤੋਂ ਲਗਾਤਾਰ ਦਿੱਤੇ ਜਾ ਰਹੇ ਹਨ, ਪਰ ਪੂਟਾ ਨੂੰ ਗਿਲਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ’ਤੇ ਅਵੇਸਲਾ ਹੈ। ਅਜਿਹੇ ’ਚ ਲੰਘੇ ਕੱਲ੍ਹ ਪੂਟਾ ਨੇ ਧਰਨਾ ਦੇ ਕੇ ਅਗਲਾ ਰੁਖ਼ ਵਾਈਸ ਚਾਂਸਲਰ ਦੇ ਘਰ ਤੱਕ ਲਿਜਾਣ ਦੀ ਚਿਤਾਵਨੀ ਦਿੱਤੀ ਸੀ, ਜਿਸ ’ਤੇ ਅੱਜ ਅਮਲ ਕੀਤਾ ਗਿਆ ਹੈ। ਵਾਈਸ ਚਾਂਸਲਰ ਦੇ ਘਰ ਅੱਗੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਪੂਟਾ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਯੂਨੀਵਰਸਿਟੀ ਦੀ ਵਿੱਤੀ ਹਾਲਤ ਬਹੁਤ ਬੁਰੀ ਹੈ ਤੇ ਉਨ੍ਹਾਂ ਕੋਲੋਂ ਤਨਖ਼ਾਹਾਂ ਤੇ ਪੈਨਸ਼ਨਾਂ ਦੇਣ ਜੋਗੇ ਪੈਸੇ ਨਹੀਂ ਹਨ। ਵਾਈਸ ਚਾਂਸਲਰ ਘਰੋਂ ਨਿਕਲ ਨਹੀਂ ਰਹੇ, ਦਫਤਰ ਆ ਨਹੀਂ ਰਹੇ, ਇਸ ਸੂਰਤ ਵਿੱਚ ਯੂਨੀਵਰਸਿਟੀ ਕਿਵੇਂ ਚੱਲੇਗੀ। ਸਮੁੱਚੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਦਾ ਭੁਗਤਾਨ ਨਹੀਂ ਹੋਇਆ। ਜੀਪੀਐੱਫ ਕਟੌਤੀਆਂ ਸਬੰਧਤ ਖਾਤਿਆਂ ਵਿੱਚ ਨਹੀਂ ਪਾਈਆਂ ਗਈਆਂ। ਪੂਟਾ ਨਾਲ ਕੀਤਾ ਗਿਆ ਸਮਝੌਤਾ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਾਰੇ ਕਾਸੇ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜ਼ਿੰਮੇਵਾਰ ਹਨ। ਆਪਣੀਆਂ ਹੱਕੀ ਮੰਗਾਂ ਮਨਾਉਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਕੋਈ ਹੋਰ ਸਖਤ ਕਦਮ ਵੀ ਚੁੱਕੇ ਜਾਣਗੇ ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ।
ਤਨਖਾਹ ਜਾਰੀ ਨਾ ਕਰਨ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਚਿਤਾਵਨੀ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਨਾਨ-ਟੀਚਿੰਗ ਕਰਮਚਾਰੀਆਂ ਦੇ ਬੀ ਤੇ ਸੀ ਕਲਾਸ ਐਸੋਸੀਏਸ਼ਨ ਦੇ ਕਾਰਜਕਰਨੀ ਮੈਬਰਾਂ ਵੱਲੋਂ ਅੱਜ ਹੰਗਾਮੀ ਬੈਠਕ ਕਰਕੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਨੂੰ ਮਹੀਨਾਵਾਰ ਤਨਖਾਹ ਜਾਰੀ ਨਾ ਕੀਤੇ ਜਾਣ ਖ਼ਿਲਾਫ਼ ਗੰਭੀਰ ਨੋਟਿਸ ਲਿਆ ਗਿਆ। ਮੀਟਿੰਗ ’ਚ ਕਾਰਜਕਾਰਨੀ ਵੱਲੋ ਜਿੱਥੇ ਕਰਮਚਾਰੀਆਂ ਦੇ ਰਹਿੰਦੇ ਕੰਮਾ ਪ੍ਰਤੀ ਵਿਚਾਰ ਕੀਤਾ ਗਿਆ ਉਥੇ ਸੈਲਰੀ ਸਬੰਧੀ ਅਥਾਰਟੀ ਨਾਲ ਸਖਤ ਰੁਖ ਅਖਤਿਆਰ ਕਰਨ ਲਈ ਵੀ ਸਹਿਮਤੀ ਜਤਾਈ ਗਈ ਕਿਉਂਕਿ ਮਈ ਦੀ ਤਨਖਾਹ 10 ਜੂਨ ਲੰਘਣ ਦੇ ਬਾਵਜੂਦ ਜਾਰੀ ਨਹੀ ਕੀਤੀ ਗਈ। ਕਾਰਜਕਾਰਨੀ ਦੇ ਪ੍ਰਧਾਨ ਰਜਿੰਦਰ ਸਿੰਘ ਰਾਜੂ ਤੇ ਸਮੂਹ ਕਾਰਜਕਾਰਨੀ ਨੇ ਅਥਾਰਟੀ ਨੂੰ ਮਿਲ ਕੇ ਬੇਨਤੀ ਕੀਤੀ ਕਿ ਜਲਦੀ ਕਰਮਚਾਰੀਆਂ ਦੀ ਸੈਲਰੀ ਦਾ ਪ੍ਰਬੰਧ ਕਰਕੇ ਸੈਲਰੀ ਦਿੱਤੀ ਜਾਵੇ ਨਹੀ ਤਾਂ ਕਾਰਜਕਾਰਨੀ ਵੱਲੋ ਅਥਾਰਟੀ ਦਾ ਸਖਤ ਵਿਰੋਧ ਕੀਤਾ ਜਾਵੇਗਾ।
ਪੀਸੀਐਸ ਦੀਆਂ ਕੋਚਿੰਗ ਕਲਾਸਾਂ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ) ਪੰਜਾਬ ਪਬਲਿਕ ਸਰਵਿਸਿਜ਼ ਕਮਿਸ਼ਨ, ਪਟਿਆਲਾ ਵੱਲੋਂ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਪੀ.ਸੀ.ਐਸ. ਦੀਆਂ 77 ਪੋਸਟਾਂ ਦੇ ਇਮਤਿਹਾਨ ਦੀ ਤਿਆਰੀ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਆਈ.ਏ.ਐਸ. ਐਂਡ ਅਲਾਈਡ ਸਰਵਿਸਿਜ਼ ਟ੍ਰੇਨਿੰਗ ਸੈਂਟਰ ’ਚ ਆਈ.ਏ.ਐਸ./ਪੀ.ਸੀ.ਐਸ. (ਪ੍ਰੀ) ਰੈਗੂਲਰ (ਸੋਮਵਾਰ ਤੋਂ ਸ਼ੁੱਕਰਵਾਰ) ਤੇ ਵੀਕਐਂਡ ਕੋਰਸ (ਕੇਵਲ ਸ਼ਨੀਵਾਰ ਤੇ ਐਤਵਾਰ) ਦੀਆਂ ਕੋਚਿੰਗ ਕਲਾਸਾਂ ਜੂਨ ਦੇ ਤੀਜੇ ਹਫ਼ਤੇ ਵਿੱਚ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਵਿਭਾਗ ਦੇ ਡਾਇਰੈਕਟਰ, ਡਾ. ਅਮਰ ਇੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਕਲਾਸਾਂ ਵਿੱਚ ਦਾਖ਼ਲਾ ਲੈਣ ਸਬੰਧੀ ਵਿਦਿਆਰਥੀ ਆਪਣੀਆਂ ਅਰਜ਼ੀਆਂ ਵਿਭਾਗ ਦੀ ਈਮੇਲ ਰਾਹੀਂ ਮਿਤੀ 19 ਜੂਨ 2020 ਤੱਕ ਭੇਜ ਸਕਦੇ ਹਨ। ਇਨ੍ਹਾਂ ਕੋਰਸਾਂ ’ਚ ਦਾਖ਼ਲੇ ਸਬੰਧੀ ਕੋਵਿਡ-19 ਦੇ ਮੱਦੇਨਜ਼ਰ ਕੋਈ ਇੰਟਰਵਿਊ ਨਹੀਂ ਰੱਖੀ ਗਈ। ਚੁਣੇ ਗਏ ਵਿਦਿਆਰਥੀਆਂ ਨੂੰ ਈਮੇਲ ਤੇ ਮੋਬਾਇਲ ਰਾਹੀਂ ਸੰਪਰਕ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲੈਣ ਲਈ ਵਿਦਿਆਰਥੀ ਵਿਭਾਗ ਦੇ ਫੋਨ ਨੰ: 0175 3046351,52 ਤੇ 98554ੱ68641 ’ਤੇ ਸਪੰਰਕ ਕਰ ਸਕਦੇ ਹਨ।