ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 2 ਅਕਤੂਬਰ
ਸੂਬਾ ਪੱਧਰੀ ਸੱਦੇ ਤਹਿਤ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਚੱਠੇ ਸੇਖਵਾਂ ਵਿੱਚ ਨਹਿਰੀ ਪਾਣੀ, ਬਦਲਵੇਂ ਖੇਤੀ ਮਾਡਲ ਤੇ ਕਿਸਾਨੀ ਮੰਗਾਂ ਸਬੰਧੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਿਸਾਨ ਕਨਵੈਨਸ਼ਨ ਕੀਤੀ ਗਈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਕਰੀਬ 76 ਫ਼ੀਸਦੀ ਹਿੱਸਾ ਗ਼ੈਰ ਰਿਪੇਰੀਅਨ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ, ਜਦਕਿ ਪੰਜਾਬ ਦੀਆਂ ਖੇਤੀ ਜ਼ਰੂਰਤਾਂ ਲਈ 70 ਫ਼ੀਸਦੀ ਪਾਣੀ ਮਹਿੰਗੇ ਟਿਊਬਵੈੱਲ ਅਤੇ ਮਹਿੰਗੀਆਂ ਮੋਟਰਾਂ ਨਾਲ ਬਿਜਲੀ ਫੂਕ ਕੇ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ, ਜਿਸ ਨਾਲ ਆਉਣ ਵਾਲੇ ਕੁਝ ਸਮੇਂ ਚ ਪੰਜਾਬ ਰੇਗਿਸਤਾਨ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਦਰਿਆਵਾਂ ਦੀ ਮਾਲਕੀ ਪੰਜਾਬ ਨੂੰ ਦਿੱਤੀ ਜਾਵੇ ਅਤੇ ਰਸਾਇਣਕ ਖੇਤੀ ਮਾਡਲ ਨੂੰ ਬਦਲ ਕੇ ਸਥਾਨਕ ਲੋੜ ਅਨੁਸਾਰ ਕੁਦਰਤੀ ਉਤਪਾਦਕ ਜ਼ੋਨਾਂ ਨੂੰ ਧਿਆਨ ਵਿੱਚ ਰੱਖ ਕੇ ਖੇਤੀ ਮਾਡਲ ਤਿਆਰ ਕੀਤਾ ਜਾਵੇ, ਜਿਸ ਲਈ ਸਾਰੀਆਂ ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਤੇ ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ। ਇਸੇ ਤਰ੍ਹਾਂ ਪੰਜਾਬ ਦਾ ਨਹਿਰੀ ਢਾਂਚਾ ਵੀ ਮੁੜ ਨਵਿਆਏ ਜਾਣ ਦੀ ਲੋੜ ਹੈ। ਕਿਸਾਨ ਆਗੂ ਨੇ ਕਿਹਾ ਕਿ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚਦਾ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਮੰਗ ਕੀਤੀ ਕਿ ਪੰਜਾਬ ਦੇ ਖੇਤਾਂ ਵਿੱਚੋਂ ਪੈਦਾ ਹੋਈਆਂ ਫ਼ਸਲਾਂ, ਫਲ, ਗੰਨਾ, ਕਪਾਹ, ਦਾਲਾਂ ਸਬਜ਼ੀਆਂ ਦੇ ਪ੍ਰੋਸੈਸਿੰਗ ਯੂਨਿਟ ਲਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਉੱਭਾਵਾਲ, ਭਜਨ ਸਿੰਘ ਢੱਡਰੀਆਂ, ਕੁਲਦੀਪ ਸਿੰਘ, ਜੁਝਾਰ ਸਿੰਘ ਬਡਰੁੱਖਾਂ, ਯੂਥ ਵਿੰਗ ਦੇ ਆਗੂ ਲੱਖੀ ਉਭਾਵਾਲ, ਸੁਰਿੰਦਰ ਲਿੱਦੜਾਂ ਅਤੇ ਰਵਿੰਦਰ ਸਿੰਘ ਤਕੀਪੁਰ ਨੇ ਸੰਬੋਧਨ ਕੀਤਾ। ਰਾਮ ਗੋਪਾਲ ਲੌਂਗੋਵਾਲ ਅਤੇ ਮਿੱਠੂ ਸਿੰਘ ਕਿਲਾ ਭਰੀਆਂ ਨੇ ਇਨਕਲਾਬੀ ਗੀਤ ਪੇਸ਼ ਕੀਤੇ।