ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 10 ਅਗਸਤ
ਬੀਤੇ ਦਿਨੀਂ ਮਸਤੂਆਣਾ ਸਾਹਿਬ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਤ ਅਤਰ ਸਿੰਘ ਦੇ ਨਾਮ ’ਤੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮੁੱਖ ਮੰਤਰੀ ਨੀਂਹ ਪੱਥਰ ਤਾਂ 5 ਅਗਸਤ ਨੂੰ ਰੱਖ ਕੇ ਚਲੇ ਗਏ ਪਰ ਉਨ੍ਹਾਂ ਵੱਲੋਂ ਰੱਖੇ ਗਏ ਨੀਂਹ ਪੱਥਰ ਦੀ ਸੁਰੱਖਿਆ ਵਿੱਚ ਉਸੇ ਦਿਨ ਤੋਂ ਪੁਲੀਸ ਮੁਲਾਜ਼ਮ ਤਾਇਨਾਤ ਹਨ। ਨੀਂਹ ਪੱਥਰ ਨੂੰ ਆਲੇ ਦੁਆਲੇ ਤੋਂ ਕਨਾਤ, ਟੈਂਟ ਅਤੇ ਬੋਰਡ ਲਾ ਕੇ ਛੱਤਿਆ ਗਿਆ ਹੈ।ਪੁਲੀਸ ਪ੍ਰਸ਼ਾਸਨ ਵਲੋਂ ਨੀਂਹ ਪੱਥਰ ਦੀ ਕੀਤੀ ਜਾ ਰਹੀ ਸੁਰੱਖਿਆ ਲੋਕਾਂ ਵਿਚ ਹਾਸੇ ਠੱਠੇ ਦਾ ਵਿਸ਼ਾ ਬਣੀ ਹੋਈ ਹੈ। ਉਧਰ ਜਦੋਂ ਇਸ ਸਬੰਧੀ ਸੁਰੱਖਿਆ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਇਹ ਨੀਂਹ ਪੱਥਰ ਕੱਚਾ ਹੈ। ਬਰਸਾਤ ਦਾ ਮੌਸਮ ਹੋਣ ਕਰਕੇ ਇਸ ਪੱਥਰ ਦੀ ਰਾਖੀ ਕੀਤੀ ਜਾ ਰਹੀ ਹੈ ਅਤੇ ਇਸ ਉਪਰ ਮੋਮੀ ਕਾਗਜ਼ ਪਾ ਕੇ ਮੀਂਹ ਕਣੀ ਤੋਂ ਬਚਾਇਆ ਜਾ ਰਿਹਾ ਹੈ।