ਪੱਤਰ ਪ੍ਰੇਰਕ
ਲਹਿਰਾਗਾਗਾ, 26 ਅਕਤੂਬਰ
ਪੰਜਾਬ ਕਿਸਾਨ ਯੂਨੀਅਨ (ਰੁਲਦੂ ਮਾਨਸਾ ਗਰੁੱਪ) ਵੱਲੋਂ ਪਿੰਡ ਲੇਹਲ ਕਲਾਂ ਦੇ ਖਰੀਦ ਕੇਂਦਰ ਵਿੱਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਗਈ। ਇਸ ਦੌਰਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਲੇਹਲ ਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਰਕਾਰ ਕਿਸਾਨ ਪੱਖੀ ਹੋਣ ਦਾ ਢੌਂਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਲੇਹਲ ਕਲਾਂ ਵਿੱਚ 15 ਤਰੀਕ ਤੋਂ ਬੋਲੀ ਸ਼ੁਰੂ ਹੋਈ ਸੀ ਤੇ ਹੁਣ ਤੱਕ ਡੇਢ ਲੱਖ ਗੱਟੇ/ ਬੋਰੀ ਦੀ ਮੰਡੀ ਵਿੱਚੋਂ ਸਿਰਫ਼ 20-25 ਹਜ਼ਾਰ ਗਟਿਆਂ ਦੀ ਬੋਲੀ ਸਿਰਫ਼ ਮਾਰਕਫੈੱਡ ਏਜੰਸੀ ਵੱਲੋਂ ਬੋਲੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਹੁੰਦਿਆਂ ਹੋਇਆਂ ਕਿਸਾਨਾਂ ਨੇ ਅਨਾਜ ਮੰਡੀ ਵਿੱਚ ਹੀ ਦੀਵਾਲੀ ਮਨਾਈ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਪਹਿਲਾਂ ਅਕਾਲੀ ਦਲ ਅਤੇ ਕਾਂਗਰਸ ਨੂੰ ਕਿਸਾਨ ਪੱਖੀ ਨਹੀਂ ਕਹਿੰਦੇ ਸਨ ਤੇ ਹੁਣ ਇਸ ਸਰਕਾਰ ਨੇ ਵੀ ਲੋਕ ਪੱਖੀ ਨਾ ਹੋਣ ਦਾ ਸਬੂਤ ਦੇ ਦਿੱਤਾ ਹੈ। ਕਿਉਂਕਿ ਹਫ਼ਤੇ ਭਰ ਤੋਂ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ। ਜਥੇਬੰਦੀ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋ ਦਿਨਾਂ ਦੇ ਵਿੱਚ- ਵਿੱਚ ਜੀਰੀ ਦੀ ਖਰੀਦ ਪ੍ਰਕਿਰਿਆ ਵਿੱਚ ਸੁਧਾਰ ਨਾ ਲਿਆਂਦਾ ਤਾਂ ਕਿਸਾਨ ਆਪਣੇ ਆਪ ਬੋਰੀਆਂ ਭਰ ਕੇ ਸ਼ੈੱਲਰਾਂ ਵਿੱਚ ਉਤਾਰੇਗੀ।