ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 7 ਅਕਤੂਬਰ
‘‘ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕਰ ਰਹੀ, ਇਸ ਕਾਰਨ ਬੇਰੁਜ਼ਗਾਰੀ ਵਧ ਰਹੀ ਹੈ। ਸਰਕਾਰ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ ਕੋਈ ਉਪਰਾਲਾ ਨਹੀਂ ਕਰ ਰਹੀ। ਇਸ ਕਰ ਕੇ ਸਰਕਾਰ ਖ਼ਿਲਾਫ ਮੁਜ਼ਾਹਰੇ ਚੱਲ ਰਹੇ ਹਨ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਤੇ ਹਲਕਾ ਸੰਗਰੂਰ ਦੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਪਿੰਡ ਖਨਾਲ ਕਲਾਂ ਵਿੱਚ ਪਿੰਡ ਦੀ ਸਰਪੰਚ ਦੇ ਘਰ ਗੱਲਬਾਤ ਕਰਦਿਆਂ ਪ੍ਰਗਟਾਏ। ਇਸ ਮੌਕੇ ਉਨ੍ਹਾਂ ਗੁਰਜੰਟ ਸਿੰਘ ਕੱਟੂ, ਰਣਦੀਪ ਸਿੰਘ, ਸਤਨਾਮ ਸਿੰਘ ਮਝੈਲ, ਪਿੰਡ ਦੀ ਸਰਪੰਚ ਗੁਰਸ਼ਰਨ ਕੌਰ, ਹਰਮਿੰਦਰ ਸਿੰਘ ਦਿਆਲਗੜ੍ਹ, ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਜੂਮਾ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਜਿਵੇਂ ਬਾਦਲ ਕਹਿੰਦੇ ਸੀ ਕਿ ਸਰਕਾਰ ਨੂੰ ਘਾਟਾ ਪੈ ਗਿਆ ਹੈ ਉਸ ਨੇ ਸਾਰੀਆਂ ਸਰਕਾਰੀ ਜਾਇਦਾਦਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸੇ ਤਰ੍ਹਾਂ ਪੰਜਾਬ ਸਰਕਾਰ ਵੀ ਇੱਕ ਕਾਨੂੰਨ ਬਣਾਉਣ ਜਾ ਰਹੀ ਹੈ ਕਿ ਜਿੰਨੀਆਂ ਵੀ ਪੰਚਾਇਤਾਂ ਦੀਆਂ ਜ਼ਮੀਨਾਂ, ਜਾਇਦਾਦਾਂ ਹਨ, ਉਹ ਹੁਣ ਸਰਕਾਰ ਦੇ ਅਧੀਨ ਆ ਜਾਣ। ਉਨ੍ਹਾਂ ਕਿਹਾ ਕਿ ਦਿੜ੍ਹਬਾ ਦੇ ਹਸਪਤਾਲ ਦਾ ਵੀ ਬਹੁਤ ਮੰਦਾ ਹਾਲ ਹੈ। ਪਿੰਡ ਦੀ ਸਰਪੰਚ ਗੁਰਸ਼ਰਨ ਕੌਰ ਨਾਲ ਪਿੰਡ ਦੇ ਹੀ ਇੱਕ ਵਿਅਕਤੀ ਨਾਲ ਹੋਏ ਝਗੜੇ ਸਬੰਧੀ ਉਨ੍ਹਾਂ ਕਿਹਾ ਕਿ ਪਾਰਟੀ ਸਰਪੰਚ ਦੀ ਪੂਰੀ ਮੱਦਦ ਕਰੇਗੀ।