ਮੁੱਖ ਅੰਸ਼
- ਫ਼ਿੱਕੀ ਪਈ ਸੂਰਜ ਦੀ ਚਮਕ; ਬੇਅਸਰ ਨਜ਼ਰ ਆ ਰਹੀ ਸਰਕਾਰ ਦੀ ਜਾਗਰੂਕਤਾ ਮੁਹਿੰਮ
- ਮਜਬੂਰੀ ਵਿੱਚ ਪਰਾਲੀ ਸਾੜ ਰਹੇ ਨੇ ਕਿਸਾਨ
ਨਿਜੀ ਪੱਤਰ ਪ੍ਰੇਰਕ
ਸੰਗਰੂਰ, 9 ਨਵੰਬਰ
ਝੋਨੇ ਦੀ ਪਰਾਲੀ ਦੇ ਧੂੰਏਂ ਅੱਗੇ ਪੰਜਾਬ ਸਰਕਾਰ ਅਤੇ ਸੂਰਜ ਦੇਵਤਾ ਬੇਵੱਸ ਹੈ। ਬਾਅਦ ਦੁਪਹਿਰ ਖੇਤਾਂ ’ਚੋਂ ਉਠਦਾ ਪਰਾਲੀ ਦੀ ਅੱਗ ਦਾ ਧੂੰਆਂ ਆਸਮਾਨ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ ਜਿਸ ਅੱਗੇ ਸੂਰਜ ਦੇਵਤਾ ਦੀ ਰੋਸ਼ਨੀ ਵੀ ਦਮ ਤੋੜਨ ਲਈ ਮਜਬੂਰ ਹੋ ਜਾਂਦੀ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਪਰਾਲੀ ਦੀ ਸਾਂਭ ਸੰਭਾਲ ਦਾ ਕੋਈ ਠੋਸ ਹੱਲ ਕੱਢਣ ’ਚ ਸਫਲ ਨਹੀਂ ਹੋਈਆਂ ਜਿਸ ਕਾਰਨ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾ ਕੇ ਸਾੜਿਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਝੋਨੇ ਦੀ ਪਰਾਲੀ ਦੇ ਹੱਲ ਲਈ ਸਰਕਾਰਾਂ ਕੋਲੋਂ ਮਦਦ ਦੀ ਮੰਗ ਕਰ ਰਹੀਆਂ ਹਨ ਪਰੰਤੂ ਸਰਕਾਰ ਵਲੋਂ ਇਸ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ। ਸਰਕਾਰ ਵੱਲੋਂ ਇਸ ਵਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਵਾਸਤੇ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ ਅਤੇ ਸਰਕਾਰ ਵਲੋਂ ਵੱਡੇ ਪੱਧਰ ’ਤੇ ਇਸ਼ਤਿਹਾਰਬਾਜ਼ੀ ਵੀ ਕੀਤੀ ਗਈ। ਕਿਸਾਨ ਕੈਂਪਾਂ ਵਿਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵਲੋਂ ਕਿਸਾਨਾਂ ਨੂੰ ਪਰਾਲੀ ਨੂੰ ਸਾੜੇ ਬਗੈਰ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਗਿਆ ਪਰੰਤੂ ਇਸ ਸਭ ਯਤਨਾਂ ਦੇ ਬਾਵਜੂਦ ਪਰਨਾਲਾ ਉਥੇ ਦਾ ਉਥੇ ਹੀ ਹੈ। ਇਨ੍ਹਾਂ ਦਿਨਾਂ ਵਿਚ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਦਾ ਰੁਝਾਨ ਪੂਰੇ ਸਿਖ਼ਰ ’ਤੇ ਹੈ ਅਤੇ ਕਿਸਾਨ ਜਥੇਬੰਦੀਆਂ ਵਲੋਂ ਐਲਾਨ ਕੀਤਾ ਹੋਇਆ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਸਾੜਨ। ਜੇਕਰ ਕੋਈ ਅਧਿਕਾਰੀ ਅਜਿਹਾ ਕਰਨ ਤੋਂ ਰੋਕਣ ਲਈ ਆਉਂਦਾ ਹੈ ਤਾਂ ਖੇਤਾਂ ਵਿਚ ਹੀ ਉਸ ਦਾ ਘਿਰਾਓ ਕੀਤਾ ਜਾਵੇ। ਕਿਸਾਨ ਜਥੇਬੰਦੀਆਂ ਦੇ ਐਲਾਨ ਕਾਰਨ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ ਜੋ ਕਿ ਸ਼ਰ੍ਹੇਆਮ ਬਿਨ੍ਹਾਂ ਕਿਸੇ ਡਰ ਭੈ ਤੋਂ ਪਰਾਲੀ ਸਾੜ ਰਹੇ ਹਨ।
ਕੀ ਕਹਿੰਦੇ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸਡੀਓ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸਡੀਓ ਸਚਿਨ ਸਿੰਗਲਾ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਉਣ ’ਤੇ ਟੀਮ ਵਲੋਂ ਮੌਕਾ ਦਾ ਦੌਰਾ ਕੀਤਾ ਜਾਂਦਾ ਹੈ। ਹੁਣ ਤੱਕ ਕਰੀਬ 52 ਥਾਵਾਂ ’ ਦਾ ਦੌਰਾ ਕੀਤਾ ਗਿਆ। ਕਰੀਬ ਦੋ ਦਰਜਨ ਤੋਂ ਵੱਧ ਕਿਸਾਨਾਂ ਨੂੰ ਜੁਰਮਾਨੇ ਦੇ ਨੋਟਿਸ ਜਾਰੀ ਕੀਤੇ ਗਏ ਹਨ।